ਸਵਿਸ ਬੈਕਾਂ ''ਚ ਭਾਰਤੀਆਂ ਦੇ ਬੰਦ ਖਾਤਿਆਂ ਦੀ ਰਾਸ਼ੀ ਹੋ ਸਕਦੀ ਹੈ ''ਜ਼ਬਤ''

11/10/2019 5:02:11 PM

ਬਰਨ (ਬਿਊਰੋ): ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਭਾਰਤੀਆਂ ਦੇ ਕਰੀਬ ਇਕ ਦਰਜਨ ਬੰਦ ਪਏ ਖਾਤਿਆਂ ਦੇ ਕੋਈ ਦਾਅਵੇਦਾਰ ਸਾਹਮਣੇ ਨਹੀਂ ਆਏ ਹਨ। ਅਜਿਹੇ ਵਿਚ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਤੈਅ ਮਿਆਦ ਦੇ ਅੰਦਰ ਦਾਅਵੇਦਾਰੀ ਅਤੇ ਵੇਰਵਾ ਨਾ ਸੌਂਪਣ 'ਤੇ ਇਨ੍ਹਾਂ ਖਾਤਿਆਂ ਵਿਚ ਪਈ ਰਾਸ਼ੀ ਨੂੰ ਜ਼ਬਤ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਸਵਿਟਜ਼ਰਲੈਂਡ ਸਰਕਾਰ ਨੂੰ ਟਰਾਂਸਫਰ ਕੀਤੇ ਜਾਣ ਦੀ ਸੰਭਾਵਨਾ ਹੈ। ਸਵਿਟਜ਼ਰਲੈਂਡ ਸਰਕਾਰ ਨੇ 2015 ਵਿਚ ਬੰਦ ਪਏ ਖਾਤਿਆਂ ਦੇ ਵੇਰਵੇ ਨੂੰ ਜਨਤਕ ਕਰਨਾ ਸ਼ੁਰੂ ਕੀਤਾ ਸੀ। ਇਸ ਦੇ ਤਹਿਤ ਇਨ੍ਹਾਂ ਖਾਤਿਆਂ ਦੇ ਦਾਅਵੇਦਾਰਾਂ ਨੇ ਖਾਤੇ ਦੀ ਰਾਸ਼ੀ ਨੂੰ ਹਾਸਲ ਕਰਨ ਲਈ ਲੋੜੀਂਦੇ ਸਬੂਤ ਉਪਲਬਧ ਕਰਾਉਣੇ ਸਨ। ਇਨ੍ਹਾਂ ਵਿਚ 10 ਖਾਤੇ ਭਾਰਤੀਆਂ ਦੇ ਵੀ ਹਨ।

ਇਨ੍ਹਾਂ ਵਿਚੋਂ ਕੁਝ ਖਾਤੇ ਭਾਰਤੀ ਵਸਨੀਕਾਂ ਅਤੇ ਬ੍ਰਿਟਿਸ਼ ਰਾਜ ਦੇ ਸਮੇਂ ਦੇ ਨਾਗਰਿਕਾਂ ਨਾਲ ਸਬੰਧਤ ਹਨ। ਸਵਿਸ ਅਧਿਕਾਰੀਆਂ ਕੋਲ ਉਪਲਬਧ ਅੰਕੜਿਆਂ ਦੇ ਮੁਤਾਬਕ ਪਿਛਲੇ 6 ਸਾਲ ਦੇ ਦੌਰਾਨ ਇਨ੍ਹਾਂ ਵਿਚ ਇਕ ਵੀ ਖਾਤੇ 'ਤੇ ਕਿਸੇ ਭਾਰਤੀ ਦੇ ਵਾਰਸ ਨੇ ਸਫਲਤਾਪੂਰਵਕ ਦਾਅਵਾ ਨਹੀਂ ਕੀਤਾ ਹੈ। ਇਨ੍ਹਾਂ ਵਿਚੋਂ ਕੁਝ ਖਾਤਿਆਂ ਲਈ ਦਾਅਵਾ ਕਰਨ ਦੀ ਮਿਆਦ ਅਗਲੇ ਮਹੀਨੇ ਖਤਮ ਹੋ ਜਾਵੇਗੀ। ਉੱਥੇ ਕੁਝ ਹੋਰ ਖਾਤਿਆਂ 'ਤੇ 2020 ਦੇ ਅਖੀਰ ਤੱਕ ਦਾਅਵਾ ਕੀਤਾ ਜਾ ਸਕਦਾ ਹੈ। ਦਿਲਚਸਪ ਇਹ ਹੈ ਕਿ ਬੰਦ ਪਏ ਖਾਤਿਆਂ ਵਿਚੋਂ ਪਾਕਿਸਤਾਨੀ ਵਸਨੀਕਾਂ ਨਾਲ ਸਬੰਧਤ ਕੁਝ ਖਾਤਿਆਂ 'ਤੇ ਦਾਅਵਾ ਕੀਤਾ ਗਿਆ ਹੈ। ਇਸ ਦੇ ਇਲਾਵਾ ਖੁਦ ਸਵਿਟਜ਼ਰਲੈਂਡ ਸਮੇਤ ਕੁਝ ਹੋਰ ਦੇਸ਼ਾਂ ਦੇ ਵਸਨੀਕ ਦੇ ਖਾਤਿਆਂ 'ਤੇ ਵੀ ਦਾਅਵਾ ਕੀਤਾ ਗਿਆ ਹੈ। ਦਸੰਬਰ 2015 ਵਿਚ ਪਹਿਲੀ ਵਾਰ ਅਜਿਹੇ ਖਾਤਿਆਂ ਨੂੰ ਜਨਤਕ ਕੀਤਾ ਗਿਆ। 

ਇਸ ਸੂਚੀ ਵਿਚ ਕਰੀਬ 2,600 ਖਾਤੇ ਹਨ ਜਿਨ੍ਹਾਂ ਵਿਚ 4.5 ਕਰੋੜ ਸਵਿਸ ਫ੍ਰੈਂਕ ਜਾਂ ਕਰੀਬ 300 ਕਰੋੜ ਰੁਪਏ ਦੀ ਰਾਸ਼ੀ ਪਈ ਹੈ। 1955 ਤੋਂ ਇਸ ਰਾਸ਼ੀ 'ਤੇ ਦਾਅਵਾ ਨਹੀਂ ਕੀਤਾ ਗਿਆ। ਸੂਚੀ ਨੂੰ ਪਹਿਲੀ ਵਾਰ ਜਨਤਕ ਕੀਤੇ ਜਾਂਦੇ ਸਮੇਂ ਕਰੀਬ 80 ਸੁਰੱਖਿਆ ਜਮਾਂ ਬਾਕਸ ਸਨ। ਸਵਿਸ ਬੈਂਕਿੰਗ ਕਾਨੂੰਨ ਦੇ ਤਹਿਤ ਇਸ ਸੂਚੀ ਵਿਚ ਹਰੇਕ ਸਾਲ ਨਵੇਂ ਖਾਤੇ ਜੁੜ ਰਹੇ ਹਨ। ਹੁਣ ਇਸ ਸੂਚੀ ਵਿਚ ਖਾਤਿਆਂ ਦੀ ਗਿਣਤੀ ਕਰੀਬ 3,500 ਹੋ ਗਈ ਹੈ।

ਗਲੋਬਲ ਦਬਾਅ ਵਿਚ ਸਵਿਟਜ਼ਰਲੈਂਡ ਨੇ ਪਿਛਲੇ ਕੁਝ ਸਾਲਾਂ ਤੋਂ ਆਪਣੀ ਬੈਂਕਿੰਗ ਪ੍ਰਣਾਲੀ ਦੀ ਨਿਗਰਾਨੀ ਦੂਜੇ ਦੇਸ਼ਾਂ ਲਈ ਖੋਲ੍ਹੀ ਹੈ। ਆਟੋਮੈਟਿਕ ਸੂਚਨਾ ਐਕਸਚੇਂਜ ਪ੍ਰਣਾਲੀ (ਏ.ਈ.ਓ.ਆਈ.) ਦੇ ਸਮਝੌਤੇ ਦੇ ਬਾਅਦ ਸਵਿਟਜ਼ਰਲੈਂਡ ਦੇ ਫੈਡਰਲ ਟੈਕਸ ਐਡਮਿਨਿਸਟ੍ਰੇਸ਼ਨ (ਐੱਫ.ਟੀ.ਏ.) ਨੇ ਭਾਰਤ ਦੇ ਨਾਲ ਬੈਂਕ ਖਾਤਿਆਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਭਾਰਤ ਸਰਕਾਰ ਨੇ ਜੂਨ 2014 ਵਿਚ ਸਵਿਟਜ਼ਰਲੈਂਡ ਤੋਂ ਸਵਿਸ ਬੈਂਕਾਂ ਦੇ ਭਾਰਤੀ ਖਾਤਾਧਾਰਕਾਂ ਦੀ ਜਾਣਕਾਰੀ ਮੰਗੀ ਸੀ। ਇਸ ਦੇ ਬਾਅਦ ਸਵਿਸ ਸਰਕਾਰ ਨੇ ਸਤੰਬਰ 2019 ਵਿਚ ਭਾਰਤੀਆਂ ਦੇ ਖਾਤੇ ਦਾ ਪਹਿਲਾ ਵੇਰਵਾ ਸੌਂਪਿਆ ਸੀ। ਇਸ ਦੇ ਨਾਲ ਹੀ ਕੁਝ ਬੰਦ ਪਏ ਅਤੇ 2018 ਵਿਚ ਬੰਦ ਕੀਤੇ ਖਾਤਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਖਾਤਿਆਂ ਦਾ ਅਗਲੀ ਵੇਰਵਾ ਸਤੰਬਰ 2020 ਵਿਚ ਕੀਤਾ ਜਾਵੇਗਾ।

ਸਵਿਸ ਬੈਂਕ ਦੇ ਮੁਤਾਬਕ ਬੰਦ ਪਏ ਖਾਤਾਧਾਰਕਾਂ ਵਿਚ ਕੋਲਕਾਤਾ ਦੇ 2 , ਦੇਹਰਾਦੂਨ ਦਾ 1, ਮੁੰਬਈ ਦੇ 2, ਫਰਾਂਸ ਤੇ ਬ੍ਰਿਟੇਨ ਵਿਚ ਰਹਿ ਰਹੇ ਕੁਝ ਭਾਰਤੀ ਨਾਗਰਿਕ ਸ਼ਾਮਲ ਹਨ। ਇਸ ਦੇ ਇਲਾਵਾ ਲੀਲਾ ਤਾਲੁਕਦਾਸ ਅਤੇ ਪਰਮਾਤਾ ਐਨ ਤਾਲੁਕਦਾਰ ਨਾਮ ਦੇ ਖਾਤਾਧਾਰਕਾਂ ਦੇ ਦਾਅਵੇ ਦੀ ਸੀਮਾ 15 ਨਵੰਬਰ ਨੂੰ ਖਤਮ ਹੋ ਰਹੀ ਹੈ। ਹੋਰ ਬੰਦ ਪਏ ਖਾਤਾਧਾਰਕਾਂ ਵਿਚ ਚੰਦਰਲਤਾ ਪ੍ਰਾਣਲਾਲ, ਮੋਹਨ ਲਾਲ, ਕਿਸ਼ੋਰ ਲਾਲ, ਰੋਜ਼ਮੈਰੀ ਬਰਨੇਟ, ਪਿਯਰੇ ਵਾਚੇਕ, ਚੰਦਰ ਬਹਾਦੁਰ ਸਿੰਘ, ਯੋਗੇਸ਼ ਪ੍ਰਭੂਦਾਸ ਸੂਚਾਹ ਦੇ ਨਾਲ ਸਾਮਲ ਹਨ। ਸਵਿਸ ਕਾਨੂੰਨ ਦੇ ਮੁਤਾਬਕ ਜੇਕਰ 60 ਸਾਲ ਤੱਕ ਖਾਤਾਧਾਰਕਾਂ ਨਾਲ ਸੰਪਰਕ ਨਾ ਹੋਵੇ ਤਾਂ ਇਨ੍ਹਾਂ ਖਾਤਿਆਂ ਨੂੰ ਬੰਦ ਐਲਾਨਿਆ ਜਾਂਦਾ ਹੈ। ਖਾਤਿਆਂ ਵਿਚ 500 ਸਵਿਸ ਫ੍ਰੈਂਕ ਤੋਂ ਵੱਧ ਰਾਸ਼ੀ ਹੋਣ 'ਤੇ ਦਾਅਵੇ ਲਈ ਸੱਦੇ ਭੇਜੇ ਜਾਂਦੇ ਹਨ। ਬੰਦ ਪਏ ਖਾਤੇ ਦੀ ਜਾਣਕਾਰੀ ਜਨਤਕ ਹੋਣ ਦੇ ਬਾਅਦ ਦਾਅਵਾ ਪੇਸ਼ ਕਰਨ ਲਈ 1 ਤੋਂ 5 ਸਾਲ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। ਇਸ ਦੇ ਬਾਅਦ ਜੇਕਰ ਕੋਈ ਦਾਅਵਾ ਪੇਸ਼ ਨਹੀਂ ਕਰਦਾ ਤਾਂ ਖਾਤੇ ਦੀ ਸਾਰੀ ਰਾਸ਼ੀ ਸਰਕਾਰ ਕਬਜ਼ੇ ਵਿਚ ਲੈ ਲੈਂਦੀ ਹੈ।


Vandana

Content Editor

Related News