ਕੋਰੋਨਾ ਵਾਇਰਸ ਨੂੰ ਲੈ ਕੇ ਚੀਨ 'ਤੇ ਸ਼ੱਕ ਡੂੰਘਾ ਹੁੰਦਾ ਜਾ ਰਿਹੈ

Wednesday, Jun 16, 2021 - 12:00 PM (IST)

ਪਹਿਲਾਂ ਦੁਨੀਆ ਦੱਬੀ ਜ਼ੁਬਾਨ ’ਚ ਚੀਨ ’ਤੇ ਭਿਆਨਕ ਮਹਾਮਾਰੀ ਕੋਰੋਨਾ ਵਾਇਰਸ ਨੂੰ ਫੈਲਾਉਣ ਦਾ ਦੋਸ਼ ਲਾ ਰਹੀ ਸੀ ਪਰ ਹੁਣ ਪੂਰੀ ਦੁਨੀਆ ਇਹ ਗੱਲ ਖੁੱਲ੍ਹ ਕੇ ਕਹਿਣ ਲੱਗੀ ਹੈ ਕਿ ਇਹ ਮਹਾਮਾਰੀ ਚੀਨ ਨੇ ਹੀ ਫੈਲਾਈ ਹੈ। ਇਸ ਗੱਲ ਨੇ ਉਦੋਂ ਹੋਰ ਵੀ ਵਧੇਰੇ ਜ਼ੋਰ ਫੜ ਲਿਆ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਹ ਕਿਹਾ ਕਿ ਉਨ੍ਹਾਂ ਨੂੰ 90 ਦਿਨ ’ਚ ਪੂਰੀ ਰਿਪੋਰਟ ਚਾਹੀਦੀ ਹੈ। ਅਸਲ ’ਚ ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ ਦੇ ਇਕ ਵਿਗਿਆਨੀ ਬਾਰੇ ਰਿਪੋਰਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਸ ਨੇ ਕੋਰੋਨਾ ਵੈਕਸੀਨ ਦਾ ਪੇਟੈਂਟ ਰਜਿਟਸਰਡ ਕਰਵਾਉਣ ਲਈ 24 ਫਰਵਰੀ 2020 ਨੂੰ ਅਰਜ਼ੀ ਦਾਇਰ ਕੀਤੀ ਸੀ।

ਇਸ ਮਿਲਟਰੀ ਵਿਗਿਆਨੀ ਦਾ ਨਾਂ ਤਸੋਊ ਯੁਸੇਨ ਸੀ ਪਰ ਫੌਜ ਦੇ ਇਸ ਵਿਗਿਆਨੀ ਦੀ ਮਈ ਮਹੀਨੇ ’ਚ ਮੌਤ ਹੋ ਗਈ। ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਚੀਨ ਦਾ ਰਾਜ਼ ਜਦੋਂ ਦੁਨੀਆ ਦੇ ਸਾਹਮਣੇ ਬੇਨਕਾਬ ਹੋਣ ਲੱਗਦਾ ਹੈ ਤਾਂ ਉਹ ਉਸ ਵਿਅਕਤੀ ਨੂੰ ਗਾਇਬ ਕਰ ਦਿੰਦਾ ਹੈ ਤਾਂ ਜੋ ਪੂਰਾ ਮਾਮਲਾ ਦੱਬਿਆ ਜਾਵੇ। ਉਂਝ ਚੀਨ ਆਪਣੇ ਕਿਸੇ ਵੀ ਉੱਚੇ ਅਹੁਦੇਦਾਰ ਦੀ ਮੌਤ ’ਤੇ ਸਰਕਾਰੀ ਤੌਰ ’ਤੇ ਸ਼ਰਧਾਂਜਲੀ ਦਿੰਦਾ ਹੈ ਤੇ ਇਸ ਖ਼ਬਰ ਨੂੰ ਆਪਣੇ ਮੀਡੀਆ ’ਚ ਥਾਂ ਦਿੰਦਾ ਹੈ ਪਰ ਉੱਥੇ ਤਸੋਊ ਯੁਸੇਨ ਦੀ ਮੌਤ ’ਤੇ ਚੀਨ ’ਚ ਕੋਈ ਸ਼ਰਧਾਂਜਲੀ ਸਭਾ ਨਹੀਂ ਹੋਈ, ਕੋਈ ਸਰਕਾਰੀ ਸਨਮਾਨ ਵਰਗਾ ਪ੍ਰੋਗਰਾਮ ਨਹੀਂ ਹੋਇਆ। ਚੀਨ ਦੇ ਕੁਝ ਮੀਡੀਆ, ਅਖਬਾਰਾਂ ’ਚ ਸਿਰਫ ਇਕ ਛੋਟੀ ਜਿਹੀ ਖਬਰ ਛਪੀ ਕਿ ਉਕਤ ਵਿਗਿਆਨੀ ਦੀ ਮੌਤ ਹੋ ਗਈ ਹੈ।

ਚੀਨ ਅੱਜ ਵੀ ਆਪਣੇ ਰਾਜ਼ ਛੁਪਾਉਣ ਲਈ ਉਹੀ ਸਭ ਤਰੀਕੇ ਅਪਣਾਉਂਦਾ ਹੈ ਜਿਵੇਂ ਠੰਡੀ ਜੰਗ ਦੌਰਾਨ ਅਮਰੀਕਾ ਅਤੇ ਰੂਸ ਅਪਣਾਉਂਦੇ ਸਨ। ਤਸੋਊ ਯੁਸੇਨ ਸਬੰਧੀ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਾ ਸਬੰਧ ਵੁਹਾਨ ਲੈਬਾਰਟਰੀ ਨਾਲ ਵੀ ਸੀ ਅਤੇ ਚੀਨ ’ਚ ‘ਬੈਟ ਲੇਡੀ’ ਦੇ ਨਾਲ ਵੀ ਇਨ੍ਹਾਂ ਦਾ ਸਮੀਕਰਨ ਚੰਗਾ ਹੈ। (ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ’ਚ ਕੰਮ ਕਰਨ ਵਾਲੀ ਵਾਇਰਾਲੋਜਿਸਟ ਜਿਸ ਦਾ ਨਾਂ ਸ਼ੀ ਤਸਾਂਗਲੀ ਹੈ, ਸਬੰਧੀ ਦੱਸਿਆ ਜਾਂਦਾ ਹੈ ਕਿ ਉਸ ਨੇ ਚਮਗਿੱਦੜਾਂ ’ਤੇ ਖੋਜ ਕਰ ਕੇ ਉਨ੍ਹਾਂ ਰਾਹੀਂ ਕੋਰੋਨਾ ਵਾਇਰਸ ਨੂੰ ਵੁਹਾਨ ਲੈਬ ’ਚ ਵਿਕਸਿਤ ਕੀਤਾ ਸੀ) ਅਜੇ ਹੁਣੇ ਜਿਹੇ ਹੀ ਚੀਨ ਨੇ ਉਸ ਨੂੰ ਸਨਮਾਨਿਤ ਵੀ ਕੀਤਾ ਹੈ।ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ’ਚ ਛਪੀ ਖਬਰ ਮੁਤਾਬਕ ਬੈਟ ਲੇਡੀ ਨੂੰ ਚੀਨ ਸਰਕਾਰ ਨੇ ਚਾਈਨਾ ਅਕੈਡਮੀ ਆਫ ਸਾਇੰਸਿਜ਼ ਦੀ ਐਡਵਾਂਸਡ ਵਰਕਰ ਦਾ ਸਤਿਕਾਰ ਦਿੱਤਾ ਹੈ। ਸ਼ੀ ਤਸਾਂਗਲੀ ਨਾਲ ਚਾਈਨਾ ਅਕੈਡਮੀ ਆਫ ਸਾਇੰਸਿਜ਼ ਦੇ ਹੋਰਨਾਂ ਵਿਗਿਆਨੀਆਂ ਨੂੰ ਵੀ ਸਾਲ 2021 ’ਚ ਬੀਜਿੰਗ ਵਿਖੇ ਹੋਏ ਇਕ ਸਾਲਾਨਾ ਸੰਮੇਲਨ ’ਚ ਸਨਮਾਨਿਤ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੇ ਸੰਘੀ ਜੱਜ ਦੇ ਅਹੁਦੇ ਲਈ ਭਾਰਤੀ-ਅਮਰੀਕੀ ਵਕੀਲ ਨੂੰ ਕੀਤਾ ਨਾਮਜ਼ਦ

ਇਸ ਗੱਲ ਤੋਂ ਚੀਨ ਦੀ ਖੇਡ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਚੀਨ ਪੈਸੇ ਕਮਾਉਣ ਲਈ ਨੀਚਪੁਣੇ ਦੀ ਕਿਸ ਹੱਦ ਤੱਕ ਹੇਠਾਂ ਡਿੱਗ ਸਕਦਾ ਹੈ। ਪਹਿਲਾਂ ਵਾਇਰਸ ਭੇਜ ਕੇ ਉਸ ਨੇ ਸਮੁੱਚੀ ਦੁਨੀਆ ’ਚ ਤਬਾਹੀ ਮਚਾਈ ਅਤੇ ਫਿਰ ਉਸ ਵਾਇਰਸ ਦੀ ਐਂਟੀਡੋਟ ਜਾਂ ਵੈਕਸੀਨ ਬਣਾ ਕੇ ਪਹਿਲਾਂ ਪੇਟੈਂਟ ਕਰਵਾਈ ਅਤੇ ਫਿਰ ਉਸ ਵੈਕਸੀਨ ਨੂੰ ਦੁਨੀਆ ਦੇ ਵੱਖ-ਵੱਖ ਬਾਜ਼ਾਰਾਂ ’ਚ ਵੇਚ ਕੇ ਮੋਟੀ ਕਮਾਈ ਕੀਤੀ। ਇਸ ਪੂਰੇ ਘਟਨਾ ਚੱਕਰ ’ਚ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਪੈਸੇ ਕਮਾਉਣ ਲਈ ਚੀਨ ਨੇ ਸਮੁੱਚੀ ਦੁਨੀਆ ’ਚ ਕਰੋੜਾਂ-ਅਰਬਾਂ ਲੋਕਾਂ ਦੇ ਜਾਨ-ਮਾਲ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਹੈ।ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਵੁਹਾਨ ਦੀ ਲੈਬ ’ਚੋਂ ਨਿਕਲਿਆ ਹੈ ਅਤੇ ਉਸ ਨੇ ਸਮੁੱਚੀ ਦੁਨੀਆ ’ਚ ਤਬਾਹੀ ਮਚਾਈ ਹੈ। ਲੱਖਾਂ ਲੋਕਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਹੈ। ਇਸ ਲੈਬ ’ਚ ਚੀਨ ਵੱਲੋਂ ਵੱਖ-ਵੱਖ ਪੈਥੋਜੇਨ ਜਿਸ ’ਚ ਬੈਕਟੀਰੀਆ, ਵਾਇਰਸ ਅਤੇ ਫੰਗਸ ਦੀ ਜਾਂਚ ਕੀਤੀ ਜਾਂਦੀ ਹੈ, ਇਨਸਾਨਾਂ ਨੂੰ ਇਨਫੈਕਟਿਡ ਕਰ ਸਕਦੀ ਹੈ।

‘ਦਿ ਆਸਟ੍ਰੇਲੀਅਨ’ ਅਖਬਾਰ ’ਚ ਇਕ ਖਬਰ ਛਪੀ ਹੈ ਕਿ ਚੀਨ ਦੀ ਵਾਇਰਸ ਵਾਲੀ ਖੇਡ ’ਚ ਅਮਰੀਕੀ ਹੱਥ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਇਸ ਅਖਬਾਰ ਮੁਤਾਬਕ ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ ਦੇ ਵਿਗਿਆਨੀਆਂ ਨੂੰ ਪੈਸੇ ਚੀਨ ਦੇ ਨਾਲ-ਨਾਲ ਅਮਰੀਕਾ ਵੱਲੋਂ ਵੀ ਦਿੱਤੇ ਗਏ ਸਨ। ਇਸ ’ਚ ਡਾਕਟਰ ਫਾਊਚੀ ਦਾ ਨਾਂ ਵੀ ਸ਼ਾਮਲ ਹੈ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਤੋਂ ਚੀਨ ਦੀ ਫੌਜ ਦੇ ਵਿਗਿਆਨੀ ਨੂੰ ਪੈਸੇ ਦਿੱਤੇ ਗਏ ਸਨ।ਕਿਸੇ ਵੀ ਵੈਕਸੀਨ ਨੂੰ ਬਣਾਉਣ ’ਚ 8 ਤੋਂ 10 ਸਾਲ ਦਾ ਸਮਾਂ ਲੱਗਦਾ ਹੈ ਪਰ ਇਸ ਮਹਾਮਾਰੀ ਨੂੰ ਵੇਖਦੇ ਹੋਏ ਪੂਰੀ ਦੁਨੀਆ ਦੇ ਵਿਗਿਆਨੀ ਵੈਕਸੀਨ ਬਣਾਉਣ ’ਚ ਜੁੱਟ ਗਏ। ਇਸ ਕਾਰਨ ਇਹ ਵੈਕਸੀਨ ਇਕ ਸਾਲ ਦੇ ਅੰਦਰ ਹੀ ਬਾਜ਼ਾਰ ’ਚ ਆ ਗਈ। ਚੀਨ ’ਤੇ ਸ਼ੱਕ ਇਸ ਲਈ ਹੁੰਦਾ ਜਾ ਰਿਹਾ ਹੈ ਕਿਉਂਕਿ ਬੀਮਾਰੀ ਨੂੰ ਮਹਾਮਾਰੀ ਕਰਾਰ ਦੇਣ ਤੋਂ ਪਹਿਲਾਂ ਹੀ ਉਸ ਨੇ ਆਪਣੀ ਵੈਕਸੀਨ ਨੂੰ ਪੇਟੈਂਟ ਕਰਵਾਉਣ ਲਈ ਅਰਜ਼ੀ ਦੇ ਦਿੱਤੀ ਸੀ। ਇਸ ਦਾ ਭਾਵ ਇਹ ਹੈ ਕਿ ਇਸ ਵਾਇਰਸ ਅਤੇ ਇਸ ਨਾਲ ਜੁੜੀ ਵੈਕਸੀਨ ’ਤੇ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ ਸੀ।

ਕੋਰੋਨਾ ਵਾਇਰਸ ਨੂੰ ਲੈ ਕੇ ਵਾਲ ਸਟ੍ਰੀਟ ਜਰਨਲ ’ਚ ਇਕ ਰਿਪੋਰਟ ਛਪੀ ਸੀ ਜਿਸ ’ਚ ਇਸ ਵਾਇਰਸ ਦੇ ਵੁਹਾਨ ਦੀ ਲੈਬ ’ਚੋਂ ਨਿਕਲਣ ਦੀ ਸੰਭਾਵਨਾ ਦੀ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ। ਟਰੰਪ ਸਰਕਾਰ ਦੌਰਾਨ ਵਿਦੇਸ਼ ਮੰਤਰਾਲਾ ਨੇ ਇਸ ਦੀ ਜਾਂਚ ਕਰਨ ਲਈ ਕੋਰੋਨਾ ਵਾਇਰਸ ਨੂੰ ਕੈਲੀਫੋਰਨੀਆ ਦੀ ਲਾਰੈਂਸ ਲਿਵਰਮੋਰ ਨੈਸ਼ਨਲ ਲੈਬਰਟਰੀ ’ਚ ਪ੍ਰੀਖਣ ਲਈ ਭੇਜਿਆ। ਇਸ ਦੇ ਜਿਨੋਮਿਕ ਐਨਾਲਿਸਿਜ਼ ਬਾਰੇ ਲੈਬਾਰਟਰੀ ਨੇ ਦੱਸਿਆ ਕਿ ਵਧੇਰੇ ਸੰਭਾਵਨਾ ਇਸ ਗੱਲ ਦੀ ਹੈ ਕਿ ਵੁਹਾਨ ਲੈਬ ’ਚੋਂ ਹੀ ਇਹ ਵਾਇਰਸ ਨਿਕਲਿਆ ਹੈ। ਡੋਨਾਲਡ ਟਰੰਪ ਨੇ ਇਸ ਮਹਾਮਾਰੀ ਨੂੰ ਲੈ ਕੇ ਚੀਨ ’ਤੇ 10 ਖਰਬ ਡਾਲਰ ਦਾ ਜੁਰਮਾਨਾ ਵੀ ਲਾਇਆ ਸੀ।ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ 90 ਦਿਨ ਬਾਅਦ ਅਮਰੀਕੀ ਖੁਫੀਆ ਵਿਭਾਗ ਬਾਈਡੇਨ ਨੂੰ ਕਿਸ ਤਰ੍ਹਾਂ ਦੀ ਰਿਪੋਰਟ ਸੌਂਪਦਾ ਹੈ ਅਤੇ ਉਸ ਰਿਪੋਰਟ ’ਤੇ ਅੱਗੋਂ ਕੀ ਕਾਰਵਾਈ ਹੁੰਦੀ ਹੈ।
 


Vandana

Content Editor

Related News