ਚੀਨ 'ਚ ਵਿਦੇਸ਼ ਮੰਤਰੀਆਂ ਦੀ ਬੈਠਕ ਹੋਈ ਸ਼ੁਰੂ, ਭਾਰਤ ਨੇ ਚੁੱਕਿਆ ਅੱਤਵਾਦ ਦਾ ਮੁੱਦਾ

04/25/2018 8:06:19 AM

ਬੀਜਿੰਗ— ਚੀਨ 'ਚ ਸ਼ਿੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦੇ ਰੱਖਿਆ ਅਤੇ ਵਿਦੇਸ਼ ਮੰਤਰੀਆਂ ਦੀ ਬੈਠਕ ਮੰਗਲਵਾਰ ਨੂੰ ਸ਼ੁਰੂ ਹੋ ਗਈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ 'ਚ ਭਾਗ ਲੈ ਰਹੀਆਂ ਹਨ। ਐੱਸ. ਸੀ. ਓ. ( ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ )ਦੇ ਰੱਖਿਆ ਅਤੇ ਵਿਦੇਸ਼ ਮੰਤਰੀਆਂ ਦੀ ਬੈਠਕ ਇਕ ਹੀ ਸਮੇਂ ਹੋ ਰਹੀ ਹੈ। ਰੱਖਿਆ ਮੰਤਰੀ ਨਿਰਮਲਾ ਕੱਲ ਰਾਤ ਇੱਥੇ ਪੁੱਜੀ। ਰੱਖਿਆ ਮੰਤਰੀਆਂ ਅਤੇ ਵਿਦੇਸ਼ ਮੰਤਰੀਆਂ ਦੀ ਬੈਠਕ ਜੂਨ 'ਚ ਕਿੰਗਦਾਓ ਸ਼ਹਿਰ 'ਚ ਹੋਣ ਵਾਲੀ ਐੱਸ. ਸੀ. ਓ. ਸਿਖਰ ਸੰਮੇਲਨ ਦੀਆਂ ਤਿਆਰੀਆਂ ਦੇ ਤਹਿਤ ਹੋ ਰਹੀ ਹੈ। ਜੂਨ 'ਚ ਹੋਣ ਵਾਲੇ ਸਿਖਰ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਗ ਲੈ ਸਕਦੇ ਹਨ। 

ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਾਲੇ ਦੇਸ਼ਾਂ ਦੀ ਪਛਾਣ ਕਰਨ ਦੀ ਲੋੜ—
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਸਿੱਧੇ ਢੰਗ ਨਾਲ ਪਾਕਿਸਤਾਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਮੰਗਲਵਾਰ ਕਿਹਾ ਕਿ ਅੱਤਵਾਦ ਮੂਲ ਮਨੁੱਖੀ  ਅਧਿਕਾਰਾਂ ਦਾ ਦੁਸ਼ਮਣ ਹੈ । ਅੱਤਵਾਦ ਵਿਰੁੱਧ ਲੜਾਈ  'ਚ ਅਜਿਹੇ ਦੇਸ਼ਾਂ ਦੀ ਪਛਾਣ ਕਰਨ ਦੀ ਲੋੜ ਹੈ, ਜੋ ਉਸ ਨੂੰ ਹੱਲਾਸ਼ੇਰੀ, ਹਮਾਇਤ ਅਤੇ ਪੈਸੇ  ਦਿੰਦੇ ਹਨ। ਨਾਲ ਹੀ ਅੱਤਵਾਦੀ ਗਰੁੱਪਾਂ ਨੂੰ ਸੁਰੱਖਿਅਤ ਸ਼ਰਨ ਵੀ ਮੁਹੱਈਆ ਕਰਵਾਉਂਦੇ ਹਨ।  ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐੱਸ. ਸੀ. ਓ.) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਸੁਸ਼ਮਾ ਨੇ ਕੌਮਾਂਤਰੀ ਅੱਤਵਾਦ ਦਾ ਮੁੱਦਾ ਉਠਾਇਆ। 
ਉਨ੍ਹਾਂ ਕਿਹਾ ਕਿ ਅੱਜ ਦੁਨੀਆ ਦੇ ਸਾਹਮਣੇ ਕਈ ਚੁਣੌਤੀਆਂ ਹਨ। ਸਭ ਤੋਂ ਵੱਡੀ ਚੁਣੌਤੀ ਕੌਮਾਂਤਰੀ ਅੱਤਵਾਦ ਦੀ ਹੈ। ਉਸ ਨਾਲ ਲੜਨ ਲਈ ਤੁਰੰਤ ਮਜ਼ਬੂਤ ਸੁਰੱਖਿਆ ਢਾਂਚਾ ਤਿਆਰ ਕਰਨਾ ਚਾਹੀਦਾ ਹੈ। ਅੱਤਵਾਦ ਮੌਲਿਕ ਅਧਿਕਾਰਾਂ ਦਾ ਦੁਸ਼ਮਣ ਹੈ। ਅਪਰਾਧਿਕ ਅੱਤਵਾਦੀ ਮਲੀਸ਼ੀਆ ਹੱਦਾਂ ਨਾਲ ਬੱਝੇ ਹੋਏ ਨਹੀਂ ਹਨ, ਕਿਉਂਕਿ ਉਹ ਕੌਮਾਂਤਰੀ ਸਥਿਰਤਾ ਦੇ ਢਾਂਚੇ ਨੂੰ ਨਸ਼ਟ ਕਰਨਾ ਚਾਹੁੰਦੇ ਹਨ। ਕਿਸੇ ਦੇਸ਼ ਦਾ ਨਾਂ ਲਏ ਬਿਨਾਂ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਡਾ ਪੱਕਾ ਭਰੋਸਾ ਹੈ ਕਿ ਅੱਤਵਾਦ ਵਿਰੁੱਧ ਸਾਡੀ ਲੜਾਈ ਸਿਰਫ ਅੱਤਵਾਦੀਆਂ ਨੂੰ ਖਤਮ ਕਰਨ ਤਕ ਸੀਮਤ ਨਹੀਂ ਹੋਣੀ ਚਾਹੀਦੀ ਸਗੋਂ ਇਹ ਅਜਿਹੇ ਦੇਸ਼ਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਵਿਰੁੱਧ ਸਖਤ ਕਦਮ ਚੁੱਕਣ ਦੀ ਵੀ ਹੋਣੀ ਚਾਹੀਦੀ ਹੈ, ਜੋ ਅੱਤਵਾਦ ਨੂੰ ਹੱਲਾਸ਼ੇਰੀ ਦਿੰਦੇ ਹਨ ਅਤੇ ਨਾਲ ਹੀ ਵਿੱਤੀ ਮਦਦ ਮੁਹੱਈਆ ਕਰਵਾਉਂਦੇ ਹਨ।

ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਪਾਕਿਸਤਾਨ ਦੇ ਵਾਜਾ ਮੁਹੰਮਦ ਆਸਿਫ, ਚੀਨ ਦੇ ਵਾਂਗ ਯੀ, ਰੂਸ ਦੇ ਸਰਗੇਈ ਲਾਵਰੋਵ ਸਮੇਤ ਕਈ ਹੋਰ ਬੈਠਕ 'ਚ ਮੌਜੂਦ ਸਨ। ਭਾਰਤ ਅਤੇ ਪਾਕਿਸਤਾਨ ਪਿਛਲੇ ਹੀ ਸਾਲ ਇਸ ਦੇ ਮੈਂਬਰ ਬਣੇ ਹਨ ਅਤੇ ਉਸ ਦੇ ਬਾਅਦ ਉੱਚ ਮੰਤਰੀ ਪੱਧਰ ਦੀ ਇਹ ਪਹਿਲੀ ਬੈਠਕ ਹੈ। ਅੱਜ ਹੋ ਰਹੀ ਬੈਠਕ 'ਚ ਖੇਤਰੀ ਸੁਰੱਖਿਆ ਅਤੇ ਅੱਤਵਾਦ ਸਮੇਤ ਕਈ ਮੁੱਦਿਆਂ 'ਤੇ ਚਰਚਾ ਹੋਣ ਦੀ ਆਸ ਹੈ ਅਤੇ ਐੱਸ. ਸੀ. ਓ. ਸਿਖਰ ਸੰਮੇਲਨ ਦਾ ਏਜੰਡਾ ਤੈਅ ਹੋਣ ਦੀ ਉਮੀਦ ਹੈ। ਐੱਸ. ਸੀ. ਓ. ਦੀ ਸਥਾਪਨਾ 2001 'ਚ ਹੋਈ ਸੀ ਜਿਸ 'ਚ ਚੀਨ, ਰੂਸ, ਕਜ਼ਾਖਿਸਤਾਨ, ਉਜ਼ਬੇਕਿਸਤਾਨ, ਤਾਜ਼ੀਕਿਸਤਾਨ, ਕਿਰਗੀਸਤਾਨ, ਭਾਰਤ ਅਤੇ ਪਾਕਿਸਤਾਨ ਮੈਂਬਰ ਹਨ। ਇਸ ਸੰਗਠਨ ਦਾ ਉਦੇਸ਼ ਦੇਸ਼ਾਂ ਵਿਚਕਾਰ ਫੌਜੀ ਸਹਿਯੋਗ ਵਧਾਉਣ, ਖੁਫੀਆ ਜਾਣਕਾਰੀ ਸਾਂਝੀ ਕਰਨ, ਮੱਧ ਏਸ਼ੀਆ 'ਚ ਅੱਤਵਾਦ ਵਿਰੋਧੀ ਮੁਹਿੰਮ ਚਲਾਉਣ ਅਤੇ ਸਾਈਬਰ ਅੱਤਵਾਦ ਦੇ ਖਿਲਾਫ ਇਕਜੁਟ ਹੋ ਕੇ ਕੰਮ ਕਰਨਾ ਹੈ। 


Related News