ਅੱਤਵਾਦ ਗਲੋਬਲ ਸ਼ਾਂਤੀ ਲਈ ਸਭ ਤੋਂ ਵੱਡੇ ਖਤਰਿਆਂ ''ਚੋਂ ਇਕ: ਸੁਸ਼ਮਾ

04/05/2018 5:27:19 PM

ਬਾਕੂ (ਭਾਸ਼ਾ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ ਅੱਤਵਾਦ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਹੈ ਅਤੇ ਉਹ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਦੀ ਸਮਰਥਾ ਨੂੰ ਕਮਜ਼ੋਰ ਕਰ ਦਿੰਦਾ ਹੈ। ਇੱਥੇ ਗੁੱਟ ਨਿਰਲੇਪ ਦੇਸ਼ਾਂ ਦੀ 18ਵੀਂ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਸੁਸ਼ਮਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਸੁਧਾਰਾਂ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਾਫੀ ਸਮੇਂ ਤੋਂ ਪੈਨਡਿੰਗ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਸੁਧਾਰ ਦੇ ਬਿਨਾਂ ਇਸ ਗਲੋਬਲ ਸੰਸਥਾ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਪੂਰੀ ਨਹੀਂ ਹੋਵੇਗੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਅੱਤਵਾਦ ਸਭ ਤੋਂ ਵੱਡੇ ਖਤਰਿਆਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਨਾਗਰਿਕਾਂ ਨੂੰ ਆਪਣਾ ਸ਼ਿਕਾਰ ਬਦਾਉਂਦਾ ਹੈ ਅਤੇ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਦੀ ਸਾਡੀ ਸਮਰਥਾ ਨੂੰ ਕਮਜ਼ੋਰ ਕਰ ਦਿੰਦਾ ਹੈ। ਦੱਸਣਯੋਗ ਹੈ ਕਿ ਇਸ ਬੈਠਕ ਦੀ ਪ੍ਰਧਾਨਗੀ ਵੈਨਜ਼ੁਏਲਾ ਦੇ ਵਿਦੇਸ਼ ਮੰਤਰੀ ਜੋਰਜ ਏਰੀਅਜਾ ਨੇ ਕੀਤੀ।
ਅੱਗੇ ਸੁਸ਼ਮਾ ਨੇ ਕਿਹਾ 1996 ਵਿਚ ਭਾਰਤ ਨੇ ਕੌਮਾਂਤਰੀ ਅੱਤਵਾਦ 'ਤੇ ਇਕ ਵਿਆਪਕ ਸਮਝੌਤੇ (ਸੀਸੀਆਈਟੀ) ਦਾ ਪ੍ਰਸਤਾਵ ਦਿੱਤਾ ਸੀ ਤਾਂ ਕਿ ਮੌਜੂਦਾ ਕਾਨੂੰਨੀ ਢਾਂਚੇ ਨੂੰ ਮਜਬੂਤ ਕੀਤਾ ਜਾ ਸਕੇ। ਦੋ ਦਹਾਕਿਆਂ ਬਾਅਦ ਵੀ ਇਸ ਚਰਚਾ ਨੇ ਕਾਫੀ ਘੱਟ ਪ੍ਰਗਤੀ ਕੀਤੀ ਹੈ, ਜਦੋਂਕਿ ਅੱਤਵਾਦੀਆਂ ਨੇ ਆਪਣੀਆਂ ਹਰਕਤਾਂ ਜਾਰੀ ਰੱਖੀਆਂ ਹਨ। ਸੁਸ਼ਮਾ ਨੇ ਕਿਹਾ ਕਿ ਪਹਿਲੇ ਕਦਮ ਦੇ ਤੌਰ 'ਤੇ ਸਾਨੂੰ ਸੀਸੀਆਈਟੀ ਨੂੰ ਅੰਤਿਮ ਰੂਪ ਦੇਣ ਦੇ ਆਪਣੇ ਸੰਕਲਪ ਦਾ ਨਵੀਨੀਕਰਨ ਕਰਨਾ ਚਾਹੀਦਾ ਹੈ। ਉਥੇ ਹੀ ਗੁੱਟ ਨਿਰਲੇਪ ਦੇਸ਼ਾਂ ਨੂੰ ਵੀ ਇਸ ਟੀਚੇ ਦੇ ਪ੍ਰਤੀ ਗਲੋਬਲ ਭਾਈਚਾਰੇ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ।
ਅੱਗੇ ਉਨ੍ਹਾਂ ਕਿਹਾ ਫਿਲੀਸਤੀਨ ਨੂੰ ਭਾਰਤ ਦਾ ਸਮਰਥਨ ਸਾਡੀ ਵਿਦੇਸ਼ ਨੀਤੀ ਦਾ ਇਕ ਅਹਿਮ ਸੰਦਰਭ ਬਿੰਦੂ ਹੈ। ਇਸ ਮੋੜ 'ਤੇ ਗੁੱਟ ਨਿਰਲੇਪ ਦੇਸ਼ਾਂ ਲਈ ਇਹ ਚੰਗਾ ਹੋਵੇਗਾ ਕਿ ਉਹ ਫਿਲੀਸਤੀਨੀ ਅਵਾਮ ਦੇ ਪ੍ਰਤੀ ਇਕਜੁੱਟਤਾ ਜ਼ਾਹਰ ਕਰਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਪ੍ਰਮਾਣੂ ਪ੍ਰਸਾਰ, ਹਥਿਆਰਬੰਦ ਸੰਘਰਸ਼, ਸ਼ਰਣਾਰਥੀ ਸੰਕਟ, ਅੱਤਵਾਦ, ਗਰੀਬੀ ਅਤੇ ਵਾਤਾਵਰਣ ਚਿੰਤਾ ਵਰਗੀਆਂ ਚੁਣੌਤੀਆਂ ਦਾ ਅੱਜ ਅਸੀਂ ਸਾਹਮਣਾ ਕਰ ਰਹੇ ਹਾਂ, ਇਨ੍ਹਾਂ ਲਈ ਹੋਰ ਜ਼ਿਆਦਾ ਪ੍ਰਭਾਵੀ ਬਹੁ-ਪੱਖੀ ਕੋਸ਼ਿਸ਼ਾਂ ਦੀ ਜ਼ਰੂਰਤ ਹੈ। ਅੱਗੇ ਉਨ੍ਹਾਂ ਇਹ ਵੀ ਕਿਹਾ ਕਿ ਸਾਲ 2015 ਵਿਚ ਅਸੀਂ ਲਗਾਤਾਰ ਵਿਕਾਸ ਟੀਚਿਆਂ (ਐਸਡੀਜੀ) ਨੂੰ ਅਪਣਾਇਆ ਸੀ ਤਾਂ ਕਿ ਅਸੀਂ ਉਨ੍ਹਾਂ ਵਿਕਾਸ ਚੁਣੌਤੀਆਂ ਦਾ ਹੱਲ ਪ੍ਰਾਪਤ ਕਰ ਸਕੀਏ, ਜਿਨ੍ਹਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ। ਇਸ ਲਈ ਵਿਕਾਸ ਲਈ ਵਿੱਤ ਪ੍ਰਦਾਨ ਕਰਨਾ ਗੁੱਟ ਨਿਰਲੇਪ ਦੇਸ਼ਾਂ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਧਰਤੀ ਦੇ ਵਾਤਾਵਰਣ ਦੀ ਸੁਰੱਖਿਆ ਇਕ ਨੈਤਿਕ ਜਿੰਮੇਦਾਰੀ ਹੈ। ਸੁਸ਼ਮਾ ਨੇ ਕਿਹਾ ਕਿ ਊਰਜਾ ਦੇ ਕਿਫਾਇਤੀ ਸਰੋਤਾਂ ਨੂੰ ਲੱਭਣਾ ਸਾਡੇ ਐਸਡੀਜੀ ਟੀਚਿਆਂ ਨੂੰ ਹਾਸਲ ਕਰਨ ਵਿਚ ਮਹੱਤਵਪੂਰਨ ਹੋਵੇਗਾ ਅਤੇ ਭਾਰਤ ਪ੍ਰਮਾਣੂ ਹਥਿਆਰਾਂ ਦੇ ਗਲੋਬਲ ਖਾਤਮੇ ਦੇ ਸਾਂਝੇ ਟੀਚਿਆਂ ਦੇ ਪ੍ਰਤੀ ਵਚਨਬੱਧ ਬਣਿਆ ਹੋਇਆ ਹੈ।


Related News