ਸਰੀ ''ਚ 4 ਮਹੀਨਿਆਂ ਦੌਰਾਨ 31 ਫ਼ੀਸਦੀ ਵਧੇ ਅਪਰਾਧ ! ਕਤਲ ਅਤੇ ਗੋਲੀਬਾਰੀ ਨਾਲ ਵੀ ਜੁੜੇ ਮਾਮਲੇ
Wednesday, Jun 03, 2026 - 09:53 AM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ 'ਚ ਸਾਲ 2026 ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਅਪਰਾਧ ਦੇ ਮਾਮਲਿਆਂ ਵਿਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਸਰੀ ਪੁਲਸ ਸਰਵਿਸ (ਐੱਸ.ਪੀ.ਐੱਸ.) ਦੇ ਤਾਜ਼ਾ ਅੰਕੜਿਆਂ ਅਨੁਸਾਰ ਜਨਵਰੀ ਤੋਂ ਅਪ੍ਰੈਲ ਦੇ ਵਿਚਕਾਰ ਲੋਕਾਂ ਖ਼ਿਲਾਫ਼ ਹੋਣ ਵਾਲੇ ਅਪਰਾਧਾਂ ਵਿਚ 31 ਫ਼ੀਸਦੀ ਅਤੇ ਜਾਇਦਾਦ ਸਬੰਧੀ ਅਪਰਾਧਾਂ ਵਿਚ 12 ਫ਼ੀਸਦੀ ਦਾ ਵਾਧਾ ਹੋਇਆ ਹੈ।
ਸਭ ਤੋਂ ਚਿੰਤਾਜਨਕ ਅੰਕੜੇ ਕਤਲ ਅਤੇ ਗੋਲੀਬਾਰੀ ਨਾਲ ਜੁੜੇ ਹੋਏ ਹਨ। ਇਸ ਸਮੇਂ ਦੌਰਾਨ ਕਤਲ ਦੇ ਮਾਮਲਿਆਂ ਦੀ ਗਿਣਤੀ 2 ਤੋਂ ਵਧ ਕੇ 8 ਹੋ ਗਈ, ਜੋ 300 ਫ਼ੀਸਦੀ ਦਾ ਵਾਧਾ ਦਰਸਾਉਂਦੀ ਹੈ। ਉੱਥੇ ਹੀ ਗੋਲੀਬਾਰੀ ਦੀਆਂ ਘਟਨਾਵਾਂ 17 ਤੋਂ ਵਧ ਕੇ 33 ਹੋ ਗਈਆਂ, ਮਤਲਬ 94 ਫ਼ੀਸਦੀ ਦਾ ਵਾਧਾ। ਪੁਲਸ ਦਾ ਮੰਨਣਾ ਹੈ ਕਿ ਸੰਗਠਿਤ ਅਪਰਾਧ ਅਤੇ ਗੈਂਗ ਗਤੀਵਿਧੀਆਂ ਇਸ ਦੇ ਪਿੱਛੇ ਇਕ ਮੁੱਖ ਕਾਰਨ ਹੋ ਸਕਦੀਆਂ ਹਨ।
ਦੱਖਣੀ ਏਸ਼ੀਆਈ ਭਾਈਚਾਰੇ ’ਤੇ ਵਧਿਆ ਫ਼ਿਰੌਤੀ ਦਾ ਖ਼ਤਰਾ
ਅੰਕੜਿਆਂ ਅਨੁਸਾਰ ਕਥਿਤ ‘ਸਾਊਥ ਏਸ਼ੀਅਨ ਸੀਰੀਜ਼’ ਨਾਲ ਜੁੜੇ ਫਿਰੌਤੀ ਦੇ ਮਾਮਲਿਆਂ ਵਿਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ। ਅਜਿਹੇ ਮਾਮਲਿਆਂ ਦੀ ਗਿਣਤੀ 4 ਤੋਂ ਵਧ ਕੇ 95 ਹੋ ਗਈ ਹੈ। ਹਾਲ ਹੀ ਦੇ ਮਹੀਨਿਆਂ ਵਿਚ ਸਰੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰਤੀ ਅਤੇ ਪੰਜਾਬੀ ਮੂਲ ਦੇ ਕਾਰੋਬਾਰੀਆਂ ਨੂੰ ਧਮਕੀ ਭਰੇ ਫ਼ੋਨ, ਸੁਨੇਹੇ ਅਤੇ ਫ਼ਿਰੌਤੀ ਦੀ ਮੰਗ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਲੁੱਟ-ਖੋਹ ਅਤੇ ਹਮਲਿਆਂ ਦੇ ਮਾਮਲਿਆਂ ’ਚ ਵੀ ਵਾਧਾ
ਚਾਰ ਮਹੀਨਿਆਂ ਦੌਰਾਨ ਹਮਲਿਆਂ ਦੇ ਮਾਮਲਿਆਂ ਵਿਚ 24 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਇਨ੍ਹਾਂ ਦੀ ਗਿਣਤੀ 1,062 ਤੋਂ ਵਧ ਕੇ 1,314 ਹੋ ਗਈ। ਉੱਥੇ ਹੀ ਲੁੱਟ-ਖੋਹ ਦੇ ਮਾਮਲੇ 30 ਫ਼ੀਸਦੀ ਵਧ ਕੇ 158 ਤੱਕ ਪਹੁੰਚ ਗਏ। ਜਿਨਸੀ ਅਪਰਾਧਾਂ ਵਿਚ ਵੀ 16 ਫ਼ੀਸਦੀ ਦਾ ਵਾਧਾ ਦੇਖਿਆ ਗਿਆ। ਜਾਇਦਾਦ ਸਬੰਧੀ ਅਪਰਾਧਾਂ ਵਿਚ ਸਭ ਤੋਂ ਵੱਧ ਵਾਧਾ ਵਪਾਰਕ ਅਦਾਰਿਆਂ ਵਿਚ ਚੋਰੀ ਦੇ ਮਾਮਲਿਆਂ ਵਿਚ ਦਰਜ ਹੋਇਆ। ਅਜਿਹੇ ਮਾਮਲੇ 144 ਤੋਂ ਵਧ ਕੇ 231 ਹੋ ਗਏ, ਜੋ 60 ਫ਼ੀਸਦੀ ਦਾ ਵਾਧਾ ਹੈ। ਗੱਡੀਆਂ ਵਿਚੋਂ ਚੋਰੀ ਦੀਆਂ ਘਟਨਾਵਾਂ ਵਿਚ ਵੀ 21 ਫ਼ੀਸਦੀ ਦਾ ਵਾਧਾ ਹੋਇਆ, ਹਾਲਾਂਕਿ ਗੱਡੀ ਚੋਰੀ ਹੋਣ ਅਤੇ ਘਰਾਂ ਵਿਚ ਚੋਰੀ ਹੋਣ ਦੇ ਮਾਮਲਿਆਂ ਵਿਚ ਮਾਮੂਲੀ ਕਮੀ ਦਰਜ ਕੀਤੀ ਗਈ।
ਧੋਖਾਦੇਹੀ ਦੇ ਮਾਮਲੇ ਵਧੇ
ਡਿਜੀਟਲ ਅਪਰਾਧਾਂ ਵਿਚ ਵੀ ਤੇਜ਼ੀ ਦੇਖਣ ਨੂੰ ਮਿਲੀ। ਪਛਾਣ ਚੋਰੀ ਅਤੇ ਧੋਖਾਦੇਹੀ ਦੇ ਮਾਮਲਿਆਂ ਵਿਚ 59 ਫ਼ੀਸਦੀ ਦਾ ਵਾਧਾ ਹੋਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਨਲਾਈਨ ਵਿੱਤੀ ਲੈਣ-ਦੇਣ ਵਧਣ ਦੇ ਨਾਲ-ਨਾਲ ਸਾਈਬਰ ਅਪਰਾਧੀਆਂ ਦੀਆਂ ਗਤੀਵਿਧੀਆਂ ਵੀ ਤੇਜ਼ ਹੋਈਆਂ ਹਨ।
ਪੁਲਸ ਰਿਕਾਰਡ ਅਨੁਸਾਰ ਮਾਨਸਿਕ ਸਿਹਤ ਨਾਲ ਸਬੰਧਿਤ ਮਾਮਲਿਆਂ ਵਿਚ 36 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਅਜਿਹੇ ਮਾਮਲਿਆਂ ਦੀ ਗਿਣਤੀ 1,385 ਤੋਂ ਵਧ ਕੇ 1,881 ਹੋ ਗਈ। ਮਾਹਿਰ ਇਸ ਨੂੰ ਵਧ ਰਹੇ ਸਮਾਜਿਕ ਤਣਾਅ, ਆਰਥਿਕ ਦਬਾਅ ਅਤੇ ਮਾਨਸਿਕ ਸਿਹਤ ਸੇਵਾਵਾਂ ਦੀ ਵਧਦੀ ਮੰਗ ਨਾਲ ਜੋੜ ਕੇ ਦੇਖ ਰਹੇ ਹਨ।
ਲਾਪਤਾ ਵਿਅਕਤੀਆਂ ਦੇ ਮਾਮਲੇ ਵੀ ਵਧੇ
ਜਨਵਰੀ ਤੋਂ ਅਪ੍ਰੈਲ 2026 ਦੌਰਾਨ ਲਾਪਤਾ ਵਿਅਕਤੀਆਂ ਦੇ ਮਾਮਲਿਆਂ ਵਿਚ 4 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਵਿਚ 14 ਫ਼ੀਸਦੀ ਦੀ ਕਮੀ ਆਈ ਹੈ, ਜਿਸ ਨੂੰ ਪੁਲਸ ਸਕਾਰਾਤਮਕ ਸੰਕੇਤ ਮੰਨ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਅਪਰਾਧ ਵਧਣ ਦੇ ਬਾਵਜੂਦ ਪੁਲਸ ਨੂੰ ਮਿਲਣ ਵਾਲੀਆਂ ਕੁੱਲ ਸਰਵਿਸ ਕਾਲਾਂ ਵਿਚ 3 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਸਾਲ ਪਹਿਲੇ ਚਾਰ ਮਹੀਨਿਆਂ ਵਿਚ 55,706 ਕਾਲਾਂ ਪ੍ਰਾਪਤ ਹੋਈਆਂ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਗਿਣਤੀ 57,159 ਸੀ।
