''ਬਿੱਲ 21'' ਦੀ ਵਿਰੋਧੀ ਅੰਮ੍ਰਿਤਧਾਰੀ ਬੀਬੀ ਨੂੰ ਮਿਲਿਆ ਸਰੀ ਮੇਅਰ ਦਾ ਸਮਰਥਨ
Thursday, Nov 21, 2019 - 01:20 PM (IST)

ਐਬਟਸਫੋਰਡ— ਕੈਨੇਡਾ 'ਚ ਨੌਕਰੀ ਦੌਰਾਨ ਧਾਰਮਿਕ ਚਿੰਨ੍ਹਾਂ ਨੂੰ ਪਹਿਨਣ ਦੀ ਰੋਕ ਖਿਲਾਫ ਚੱਲ ਰਹੀ ਮੁਹਿੰਮ ਨੂੰ ਹੁਣ ਸਰੀ ਦੇ ਕੌਂਸਲਰਾਂ ਸਣੇ ਮੇਅਰ ਦਾ ਵੀ ਸਾਥ ਮਿਲ ਗਿਆ ਹੈ। ਅਧਿਆਪਕਾ ਵਜੋਂ ਸੇਵਾਵਾਂ ਨਿਭਾਅ ਰਹੀ ਅੰਮ੍ਰਿਤਧਾਰੀ ਸਿੱਖ ਬੀਬੀ ਅੰਮ੍ਰਿਤ ਕੌਰ ਵੀ ਇਸ ਮੁਹਿੰਮ 'ਚ ਸ਼ਾਮਲ ਹੈ। ਬਿੱਲ-21 ਸਰਕਾਰੀ ਮੁਲਾਜ਼ਮਾਂ ਨੂੰ ਕੰਮ 'ਤੇ ਧਾਰਮਿਕ ਚਿੰਨ੍ਹ ਪਹਿਨਣ ਤੋਂ ਰੋਕਦਾ ਹੈ, ਜਿਸ ਦਾ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਹੈ। ਬੀਤੇ ਦਿਨ ਸਰੀ ਦੀ ਨਗਰ ਪਾਲਿਕਾ ਵਿਚ ਇਸ ਬਿੱਲ ਖ਼ਿਲਾਫ਼ ਮਤਾ ਲਿਆਂਦਾ ਗਿਆ, ਜਿਸ ਨੂੰ ਮੇਅਰ ਸਣੇ ਸਾਰੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਸ ਮੌਕੇ ਸਰੀ ਦੇ ਮੇਅਰ ਡੱਗ ਮਕੱਲਮ ਨੇ ਕਿਹਾ ਕਿ ਕੈਨੇਡਾ 'ਚ ਬਹੁਤ ਸਾਰੇ ਧਰਮਾਂ, ਦੇਸ਼ਾਂ ਅਤੇ ਸੱਭਿਆਚਾਰਾਂ ਦੇ ਲੋਕ ਰਹਿੰਦੇ ਹਨ, ਇਸ ਲਈ ਇੱਥੇ ਨਸਲਵਾਦ, ਕੱਟੜਵਾਦ ਤੇ ਪੱਖਪਾਤ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰੀ ਨਗਰਪਾਲਿਕਾ ਦੀ ਸਮੁੱਚੀ ਟੀਮ ਬਿੱਲ-21 ਦਾ ਡਟ ਕੇ ਵਿਰੋਧ ਕਰਦੀ ਹੈ।
ਬੀਬੀ ਅੰਮ੍ਰਿਤ ਕੌਰ ਨੇ ਸਰੀ ਨਗਰ ਪਾਲਿਕਾ ਦਾ ਧੰਨਵਾਦ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਕਿਊਬਕ ਸਰਕਾਰ ਵਲੋਂ ਬਿੱਲ-21 ਇਸੇ ਸਾਲ ਜੂਨ ਮਹੀਨੇ ਪਾਸ ਕੀਤਾ ਗਿਆ ਸੀ, ਜਿਸ ਦਾ ਕਈ ਸੂਬਿਆਂ ਵਿਚ ਡਟ ਕੇ ਵਿਰੋਧ ਹੋ ਰਿਹਾ ਹੈ। ਇਸ ਕਾਨੂੰਨ ਤਹਿਤ ਕੰਮ ਦੌਰਾਨ ਕੋਈ ਸਿੱਖ ਸਰਕਾਰੀ ਮੁਲਾਜ਼ਮ ਦਸਤਾਰ ਨਹੀਂ ਸਜਾ ਸਕਦਾ, ਕੋਈ ਮੁਸਲਿਮ ਔਰਤ ਆਪਣਾ ਹਿਜਾਬ ਨਹੀਂ ਪਾ ਸਕੇਗੀ, ਕੋਈ ਈਸਾਈ ਆਪਣਾ ਧਾਰਮਿਕ ਚਿੰਨ੍ਹ ਨਹੀਂ ਪਾ ਸਕਦਾ ਤੇ ਇੰਝ ਹੀ ਕੋਈ ਹਿੰਦੂ ਔਰਤ ਆਪਣੇ ਮੱਥੇ 'ਤੇ ਬਿੰਦੀ ਵੀ ਨਹੀਂ ਲਾ ਸਕੇਗੀ। ਬਿੱਲ 21 ਤਹਿਤ ਜੱਜਾਂ, ਪੁਲਸ ਅਫਸਰਾਂ, ਅਧਿਆਪਕਾਂ ਅਤੇ ਕੁਝ ਹੋਰ ਅਹੁਦਿਆਂ 'ਤੇ ਕੰਮ ਕਰਦੇ ਸਰਕਾਰੀ ਮੁਲਾਜ਼ਮਾਂ ਨੂੰ ਪੱਗ ਜਾਂ ਹਿਜਾਬ, ਕਿਰਪਾਨ ਵਰਗੇ ਚਿੰਨ੍ਹ ਪਾਉਣ ਦੀ ਇਜਾਜ਼ਤ ਨਹੀਂ ਹੈ। ਕੈਨੇਡਾ ਚੋਣਾਂ ਦੌਰਾਨ ਵੀ ਧਾਰਮਿਕ ਆਜ਼ਾਦੀ ਦਾ ਮੁੱਦਾ ਕਾਫੀ ਛਾਇਆ ਰਿਹਾ ਸੀ ਤੇ ਟਰੂਡੋ ਅਤੇ ਜਗਮੀਤ ਸਿੰਘ ਦੀ ਇਸ 'ਤੇ ਤਿੱਖੀ ਬਹਿਸ ਵੀ ਹੋਈ ਸੀ।