ਠੀਕਰੀਵਾਲਾ ਦੀ ਭਾਰਤ ਨੂੰ ਸੌਂਪੀ ਜਾਏਗੀ ਹਵਾਲਗੀ ! ਅਮਰੀਕੀ ਸਿੱਖਾਂ ਵੱਲੋਂ ਕਾਰਵਾਈ ਰੋਕਣ ਦੇ ਯਤਨ ਸ਼ੁਰੂ
Tuesday, Jun 16, 2026 - 03:55 PM (IST)
ਨਿਊਯਾਰਕ (ਸਰਬਜੀਤ ਸਿੰਘ ਬਨੂੜ)- ਅਮਰੀਕਾ 'ਚ ਗ੍ਰਿਫ਼ਤਾਰ ਕੀਤੇ ਗਏ ਸੁਰਿੰਦਰ ਸਿੰਘ ਠੀਕਰੀਵਾਲਾ ਦੀ ਹਵਾਲਗੀ ਲਈ ਭਾਰਤ ਸਰਕਾਰ ਵੱਲੋਂ ਯਤਨ ਸ਼ੁਰੂ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੂਤਰਾਂ ਅਨੁਸਾਰ ਪੰਜਾਬ ਪੁਲਸ ਨੂੰ ਠੀਕਰੀਵਾਲਾ ਕਈ ਮਾਮਲਿਆਂ 'ਚ ਲੋੜੀਂਦਾ ਹੈ ਅਤੇ ਭਾਰਤੀ ਏਜੰਸੀਆਂ ਉਸ ਨੂੰ ਭਾਰਤ ਲਿਆਉਣ ਲਈ ਕਾਨੂੰਨੀ ਕਾਰਵਾਈ ਕਰ ਰਹੀਆਂ ਹਨ।
ਸੁਰਿੰਦਰ ਸਿੰਘ ਠੀਕਰੀਵਾਲਾ ਲੰਬੇ ਸਮੇਂ ਤੋਂ ਵੱਖਰੇ ਸਿੱਖ ਰਾਜ ਦੀ ਮੰਗ ਨਾਲ ਜੁੜੀਆਂ ਸਰਗਰਮੀਆਂ 'ਚ ਸ਼ਾਮਲ ਰਿਹਾ ਹੈ ਅਤੇ ਆਪਣੇ ਸਮਰਥਕਾਂ 'ਚ ਇੱਕ ਪ੍ਰਮੁੱਖ ਆਗੂ ਵਜੋਂ ਜਾਣਿਆ ਜਾਂਦਾ ਹੈ। ਕੁਝ ਰਿਪੋਰਟਾਂ ਅਨੁਸਾਰ ਉਸ ਦਾ ਨਾਂ ਪੰਜਾਬ 'ਚ ਵਾਪਰੀਆਂ ਕੁਝ ਵਿਸਫੋਟਕ ਘਟਨਾਵਾਂ ਨਾਲ ਵੀ ਜੋੜਿਆ ਗਿਆ ਹੈ, ਹਾਲਾਂਕਿ ਇਨ੍ਹਾਂ ਦੋਸ਼ਾਂ ਬਾਰੇ ਅਦਾਲਤੀ ਫ਼ੈਸਲਾ ਆਉਣਾ ਬਾਕੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਮਰੀਕੀ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਠੀਕਰੀਵਾਲਾ ਨੇ ਅਮਰੀਕਾ ਵਿੱਚ ਅਸਾਈਲਮ ਦੀ ਮੰਗ ਵੀ ਕੀਤੀ ਹੋਈ ਹੈ ਜੋ ਫਿਲਹਾਲ ਵਿਚਾਰ ਅਧੀਨ ਹੈ। ਦੱਸਿਆ ਜਾ ਰਿਹਾ ਹੈ ਕਿ ਹਵਾਲਗੀ ਦੀ ਕਾਰਵਾਈ ਅਮਰੀਕੀ ਅਦਾਲਤਾਂ ਅਤੇ ਦੋਵੇਂ ਦੇਸ਼ਾਂ ਦਰਮਿਆਨ ਮੌਜੂਦ ਕਾਨੂੰਨੀ ਸਮਝੌਤਿਆਂ ਅਧੀਨ ਅੱਗੇ ਵਧੇਗੀ।
ਇਹ ਵੀ ਪੜ੍ਹੋ- 'ਹਾਲੇ ਖ਼ਤਮ ਨਹੀਂ ਹੋਈ ਜੰਗ..!' ਇਜ਼ਰਾਈਲੀ PM ਨੇ ਦੇ'ਤੀ ਚਿਤਾਵਨੀ
ਜ਼ਿਕਰਯੋਗ ਹੈ ਕਿ ਠੀਕਰੀਵਾਲਾ ਨੂੰ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਅਧੀਨ ਉਸ ਨੂੰ ਇੰਡੀਆਨਾ ਸੂਬੇ ਦੇ ਕਲੇ ਕਾਊਂਟੀ ਜਸਟਿਸ ਸੈਂਟਰ 'ਚ ICE ਦੀ ਹਿਰਾਸਤ 'ਚ ਰੱਖਿਆ ਗਿਆ ਹੈ, ਜਿਸ ਦੀ ਅਦਾਲਤੀ ਪੇਸ਼ੀ 9 ਜੁਲਾਈ ਨੂੰ ਹੋਵੇਗੀ। ਠੀਕਰੀਵਾਲਾ ਦੀ ਗ੍ਰਿਫ਼ਤਾਰੀ ਅਤੇ ਸੰਭਾਵਿਤ ਹਵਾਲਗੀ ਨੂੰ ਲੈ ਕੇ ਸਿੱਖ ਭਾਈਚਾਰੇ 'ਚ ਵੀ ਚਰਚਾ ਛਿੜੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ ’ਤੇ ਅਮਰੀਕੀ ਅਦਾਲਤਾਂ ਦੀ ਕਾਰਵਾਈ ਮਹੱਤਵਪੂਰਨ ਰਹੇਗੀ।
ਫਿਲਹਾਲ ਅਮਰੀਕੀ ਸਿੱਖਾਂ ਵੱਲੋਂ ਠੀਕਰੀਵਾਲਾ ਦੀ ਭਾਰਤ ਹਵਾਲਗੀ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਠੀਕਰੀਵਾਲਾ ਨੂੰ ਭਾਰਤ ਹਵਾਲੇ ਕੀਤਾ ਗਿਆ ਉਸ ਨੂੰ ਸਾਰੀ ਉਮਰ ਜੇਲ੍ਹ 'ਚ ਬੰਦ ਕੀਤਾ ਜਾ ਸਕਦਾ ਹੈ ਜਾਂ ਫੇਕ ਐਨਕਾਊਂਟਰ 'ਚ ਮਾਰ ਦਿੱਤਾ ਜਾ ਸਕਦਾ ਹੈ। ਠੀਕਰੀਵਾਲਾ ਨੇ 'ਜਗ ਬਾਣੀ' ਨਾਲ ਖ਼ਾਸ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੰਜਾਬ 'ਚ ਰਹਿੰਦਿਆਂ ਭਾਰਤ ਤੋਂ ਵੱਖ ਰੈਫਰਰੈਂਡਮ ਦੇ ਹੱਕ 'ਚ ਹੈ ਤੇ ਪੰਜਾਬ 'ਚ UAPA ਅਧੀਨ ਸਭ ਤੋਂ ਪਹਿਲਾ ਪਰਚਾ ਜੁਲਾਈ 2015 'ਚ ਉਸੇ ਖ਼ਿਲਾਫ਼ ਦਰਜ ਕੀਤਾ ਗਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
