ਬ੍ਰਿਟਿਸ਼ PM ਸੁਨਕ ਨੇ ਕੀਵ ਦਾ ਕੀਤਾ ਦੌਰਾ, ਦਿੱਤਾ 6 ਕਰੋੜ ਡਾਲਰ ਦਾ ਹਵਾਈ ਰੱਖਿਆ ਪੈਕੇਜ (ਤਸਵੀਰਾਂ)
Sunday, Nov 20, 2022 - 11:24 AM (IST)
ਕੀਵ/ਲੰਡਨ (ਬਿਊਰੋ) ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ਦਾ ਦੌਰਾ ਕੀਤਾ ਅਤੇ ਪ੍ਰਧਾਨ ਮੰਤਰੀ ਵਜੋਂ ਆਪਣੀ ਪਹਿਲੀ ਯਾਤਰਾ ਵਿੱਚ 6 ਕਰੋੜ ਡਾਲਰ ਦੇ ਹਵਾਈ ਰੱਖਿਆ ਪੈਕੇਜ ਦਾ ਐਲਾਨ ਕੀਤਾ। ਸੁਨਕ ਨੇ ਸ਼ਨੀਵਾਰ ਨੂੰ ਯੂਕ੍ਰੇਨ ਦੀ ਰਾਜਧਾਨੀ ਦੇ ਦੌਰੇ ਦੌਰਾਨ ਵਾਅਦਾ ਕੀਤਾ ਕਿ ਉਨ੍ਹਾਂ ਦਾ ਦੇਸ਼ ਯੂਕ੍ਰੇਨ ਦੀ ਜਿੱਤ ਤੱਕ ਕੀਵ ਦੇ ਨਾਲ ਖੜ੍ਹਾ ਰਹੇਗਾ। ਜਦੋਂ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਤੁਹਾਡੇ ਵਰਗੇ ਦੋਸਤਾਂ ਨਾਲ ਸਾਨੂੰ ਜਿੱਤ ਦਾ ਪੂਰਾ ਭਰੋਸਾ ਹੈ।
ਸੁਨਕ ਦੇ ਯੂਕ੍ਰੇਨ ਦੇ ਪਹਿਲੇ ਦੌਰੇ ਤੋਂ ਬਾਅਦ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਸਕੀ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਅੱਜ ਦੀ ਬੈਠਕ ਦੌਰਾਨ ਅਸੀਂ ਆਪਣੇ ਦੇਸ਼ਾਂ ਅਤੇ ਵਿਸ਼ਵ ਸੁਰੱਖਿਆ ਦੋਵਾਂ ਲਈ ਸਭ ਤੋਂ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ। ਸੁਨਕ ਨੇ ਕੀਵ ਵਿੱਚ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਨਾਲ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ 'ਮੈਂ ਅੱਜ ਇੱਥੇ ਇਹ ਕਹਿਣ ਲਈ ਹਾਂ ਕਿ ਯੂਕੇ ਤੁਹਾਡੇ ਨਾਲ ਖੜ੍ਹਾ ਰਹਾਂਗਾ...ਜਦੋਂ ਤੱਕ ਯੂਕ੍ਰੇਨ ਨੂੰ ਸ਼ਾਂਤੀ ਅਤੇ ਸੁਰੱਖਿਆ ਨਹੀਂ ਮਿਲ ਜਾਂਦੀ, ਜਿਸਦੀ ਉਸਨੂੰ ਲੋੜ ਹੈ ਅਤੇ ਇਹ ਉਸਦਾ ਹੱਕਦਾਰ ਹੈ।
ਪੜ੍ਹੋ ਇਹ ਅਹਿਮ ਖ਼ਬਰ-ਡੋਨਾਲਡ ਟਰੰਪ ਦੀ 22 ਮਹੀਨੇ ਬਾਅਦ Twitter 'ਤੇ ਵਾਪਸੀ, ਵਧ ਰਹੀ ਫਾਲੋਅਰਜ਼ ਦੀ ਗਿਣਤੀ
ਉੱਧਰ ਡਾਊਨਿੰਗ ਸਟ੍ਰੀਟ ਦੇ ਇੱਕ ਬਿਆਨ ਦੇ ਅਨੁਸਾਰ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਯੂਕ੍ਰੇਨ ਲਈ 6 ਕਰੋੜ ਡਾਲਰ ਦੇ ਨਵੇਂ ਹਵਾਈ ਰੱਖਿਆ ਪੈਕੇਜ ਦਾ ਐਲਾਨ ਕੀਤਾ। ਇਸ ਪੈਕੇਜ ਵਿੱਚ 120 ਏਅਰਕ੍ਰਾਫਟ ਗਨ, ਰਾਡਾਰ ਅਤੇ ਐਂਟੀ ਡਰੋਨ ਉਪਕਰਨ ਸ਼ਾਮਲ ਹਨ। ਯੂਕ੍ਰੇਨ ਨੇ ਹੋਰ ਹਵਾਈ ਰੱਖਿਆ ਪ੍ਰਣਾਲੀਆਂ ਦੀ ਮੰਗ ਕੀਤੀ ਹੈ। ਕਿਉਂਕਿ ਰੂਸ ਆਪਣੇ ਊਰਜਾ ਢਾਂਚੇ ਨੂੰ ਤਬਾਹ ਕਰਨ ਲਈ ਲਗਾਤਾਰ ਹਵਾਈ ਹਮਲੇ ਕਰ ਰਿਹਾ ਹੈ। ਨਵੇਂ ਬ੍ਰਿਟਿਸ਼ ਪ੍ਰਧਾਨ ਮੰਤਰੀ ਸੁਨਕ ਦੀ ਇਹ ਕੀਵ ਦੀ ਪਹਿਲੀ ਯਾਤਰਾ ਸੀ। ਬ੍ਰਿਟੇਨ ਫਰਵਰੀ 'ਚ ਰੂਸ ਦੇ ਹਮਲੇ ਦੀ ਸ਼ੁਰੂਆਤ ਤੋਂ ਹੀ ਯੂਕ੍ਰੇਨ ਦਾ ਮਜ਼ਬੂਤਸਹਿਯੋਗੀ ਰਿਹਾ ਹੈ। ਸੁਨਕ ਨੇ ਕਿਹਾ ਕਿ ਅੱਜ ਤੁਹਾਡੇ ਦੇਸ਼ ਵਿੱਚ ਤੁਹਾਡੇ ਨਾਲ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ। ਯੂਕ੍ਰੇਨ ਦੇ ਲੋਕਾਂ ਦੀ ਹਿੰਮਤ ਦੁਨੀਆ ਲਈ ਪ੍ਰੇਰਨਾ ਸਰੋਤ ਹੈ। ਆਉਣ ਵਾਲੇ ਸਾਲਾਂ ਵਿੱਚ, ਅਸੀਂ ਆਪਣੇ ਪੋਤੇ-ਪੋਤੀਆਂ ਨੂੰ ਇਹ ਕਹਾਣੀ ਸੁਣਾਵਾਂਗੇ ਕਿ ਤੁਸੀਂ ਭਿਆਨਕ ਹਮਲੇ ਦੇ ਸਾਮ੍ਹਣੇ ਕਿੰਨੇ ਮਾਣਮੱਤੇ ਅਤੇ ਪ੍ਰਭੂਸੱਤਾ ਨਾਲ ਖੜ੍ਹੇ ਰਹੇ, ਤੁਸੀਂ ਕਿਵੇਂ ਲੜੇ, ਕੁਰਬਾਨੀਆਂ ਦਿੱਤੀਆਂ ਅਤੇ ਜਿੱਤੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।