ਅਫਗਾਨਿਸਤਾਨ ''ਚ ਆਤਮਘਾਤੀ ਹਮਲਾ, 50 ਦੀ ਮੌਤ

Wednesday, May 13, 2020 - 12:16 AM (IST)

ਅਫਗਾਨਿਸਤਾਨ ''ਚ ਆਤਮਘਾਤੀ ਹਮਲਾ, 50 ਦੀ ਮੌਤ

ਕਾਬੁਲ (ਭਾਸ਼ਾ) - ਅਫਗਾਨਿਸਤਾਨ ਵਿਚ ਮੰਗਲਵਾਰ ਨੂੰ ਆਤਮਘਾਤੀ ਹਮਲੇ ਵਿਚ ਕਰੀਬ 50 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਧਮਾਕਾ ਇੰਨਾ ਜਬਰਦਸ਼ਤ ਸੀ ਕਿ ਲਾਸ਼ਾਂ ਦੇ ਚਿੱਥੜੇ ਉਡ ਗਏ।

ਧਮਾਕਾ ਪੂਰਬੀ ਨੰਗਰਹਾਰ ਰਾਜ ਵਿਚ ਪੁਲਸ ਅਫਸਰ ਹਾਜ਼ੀ ਸ਼ੇਖ ਇਕਰਾਮ ਦੇ ਜਨਾਜ਼ੇ ਦੌਰਾਨ ਹੋਇਆ। ਰਾਜਪਾਲ ਅੱਤਾਓਲਾ ਖੋਗਯਾਨੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਹਮਲੇ ਨੂੰ ਕਿਸੇ ਆਤਮਘਾਤੀ ਹਮਲਾਵਰ ਨੇ ਅੰਜ਼ਾਮ ਦਿੱਤਾ। ਹਾਲਾਂਕਿ, ਹੁਣ ਤੱਕ ਕਿਸੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰ ਨਹੀਂ ਲਈ ਹੈ।

ਅਫਸਰ ਹਾਜ਼ੀ ਸ਼ੇਖ ਖੇਵਾ ਜ਼ਿਲੇ ਦੀ ਪੁਲਸ ਇਕਾਈ ਦੇ ਕਮਾਂਡਰ ਸਨ। ਉਨ੍ਹਾਂ ਦੀ ਸੋਮਵਾਰ ਰਾਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਮੰਗਲਵਾਰ ਸਵੇਰੇ ਉਨ੍ਹਾਂ ਨੂੰ ਦਫਨਾਉਣ ਲਈ ਲਿਜਾਇਆ ਜਾ ਰਿਹਾ ਸੀ। ਇਸ ਵਿਚਾਲੇ ਆਤਮਘਾਤੀ ਹਮਲਾਵਰ ਜਨਾਜ਼ੇ ਵਿਚ ਸ਼ਾਮਲ ਹੋ ਗਿਆ ਅਤੇ ਖੁਦ ਨੂੰ ਬੰਬ ਨਾਲ ਉ਼ਡਾ ਲਿਆ।

ਸੋਮਵਾਰ ਨੂੰ ਕਾਬੁਲ 'ਚ 4 ਬੰਬ ਧਮਾਕੇ ਹੋਏ ਸਨ
ਕਾਬੁਲ ਵਿਚ ਇਕ ਦਿਨ ਪਹਿਲਾਂ ਹੀ ਸੋਮਵਾਰ ਨੂੰ 4 ਬੰਬ ਧਮਾਕੇ ਹੋਏ ਸਨ। ਇਨ੍ਹਾਂ ਵਿਚੋਂ ਇਕ ਬੰਬ ਕੂੜੇ ਦੇ ਡੱਬੇ ਵਿਚ ਅਤੇ 3 ਸੜਕ ਕੰਢੇ ਰੱਖੇ ਸਨ। ਕਾਬੁਲ ਪੁਲਸ ਦੇ ਬੁਲਾਰੇ ਮੁਤਾਬਕ, ਬੰਬ 10 ਤੋਂ 20 ਮੀਟਰ ਦੀ ਦੂਰੀ 'ਤੇ ਰੱਖੇ ਗਏ ਸਨ। ਇਸ ਧਮਾਕੇ ਵਿਚ 12 ਸਾਲ ਦੀ ਬੱਚੀ ਸਮੇਤ 4 ਲੋਕ ਜ਼ਖਮੀ ਹੋ ਗਏ ਸਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇਥੇ ਪਾਵਰ ਸਟੇਸ਼ਨ 'ਤੇ ਇਕ ਰਾਕੇਟ ਵੀ ਦਾਗਿਆ ਗਿਆ ਸੀ।


author

Khushdeep Jassi

Content Editor

Related News