ਅਚਾਨਕ 'ਨੀਲੇ' ਤੋਂ 'ਗੁਲਾਬੀ' ਹੋ ਗਿਆ ਆਸਮਾਨ, ਲੋਕ ਹੋਏ ਹੈਰਾਨ (ਤਸਵੀਰਾਂ)
Sunday, Jul 17, 2022 - 03:06 PM (IST)
 
            
            ਇੰਟਰਨੈਸ਼ਨਲ ਡੈਸਕ (ਬਿਊਰੋ) ਆਮਤੌਰ 'ਤੇ ਆਸਮਾਨ ਦਾ ਰੰਗ ਨੀਲਾ ਹੁੰਦਾ ਹੈ ਪਰ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਹਨਾਂ ਵਿਚ ਆਸਮਾਨ ਗੁਲਾਬੀ ਦਿਖਾਈ ਦੇ ਰਿਹਾ ਹੈ। ਇਸ ਘਟਨਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।ਹਾਲਾਂਕਿ ਬਾਅਦ ਵਿਚ ਦੱਸਿਆ ਗਿਆ ਕਿ ਆਸਮਾਨ ਦਾ ਰੰਗ ਜਵਾਲਾਮੁਖੀ ਵਿਸਫੋਟ ਕਾਰਨ ਬਦਲਿਆ ਹੈ।
ਅਸਲ ਵਿਚ ਪਿਛਲੇ ਹਫ਼ਤੇ ਅੰਟਾਰਟਿਕਾ ਦੇ ਆਸਮਾਨ ਨੂੰ ਨੀਲੇ ਦੀ ਬਜਾਏ ਗੁਲਾਬੀ ਰੰਗ ਵਿਚ ਦੇਖਿਆ ਗਿਆ। ਇਸ ਘਟਨਾ ਦੀਆਂ ਤਸਵੀਰਾਂ ਹੁਣ ਵਾਇਰਲ ਹੋ ਰਹੀਆਂ ਹਨ। ਆਸਮਾਨ ਦਾ ਇਹ ਰੰਗ ਬਹੁਤ ਹੈਰਾਨ ਕਰ ਦੇਣ ਵਾਲਾ ਸੀ। ਜਿਵੇਂ ਕਿਸੇ ਛਾਇਆ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੋਵੇ। ਹਾਲਾਂਕਿ ਇਹ ਇਕ ਦੁਰਲੱਭ ਘਟਨਾ ਹੈ ਪਰ ਗੁਲਾਬੀ ਦਿਸਣ ਵਾਲਾ ਆਸਮਾਨ ਪੂਰੀ ਤਰ੍ਹਾਂ ਨਾਲ ਕੁਦਰਤੀ ਸੀ।
ਗਾਰਡੀਅਨ ਦੀ ਰਿਪੋਰਟ ਮੁਤਾਬਕ ਜਵਾਲਾਮੁਖੀ ਧਮਾਕੇ ਦੇ ਬਾਅਦ ਸਲਫੇਟ ਕਣ, ਸਮੁੰਦਰੀ ਲੂਣ ਅਤੇ ਪਾਣੀ ਦੀ ਭਾਫ਼ ਨਾਲ ਬਣੇ ਏਰੋਸੋਲ ਹਵਾ ਵਿਚ ਘੁੰਮਦੇ ਹਨ ਫਿਰ ਇਹੀਸੂਰਜ ਦੀ ਰੌਸ਼ਨੀ ਨੂੰ ਖਿਲਾਰਦੇ ਹਨ, ਜਿਸ ਕਾਰਨ ਆਸਮਾਨ ਵਿਚ ਗੁਲਾਬੀ, ਬੈਂਗਨੀ ਅਤੇ ਨੀਲੇ ਰੰਗ ਦੇ ਨਾਲ ਚਮਕ ਪੈਦਾ ਹੁੰਦੀ ਹੈ। ਇਸ ਲਈ ਅੰਟਾਰਟਿਕਾ ਵਿਚ ਆਸਮਾਨ ਗੁਲਾਬੀ ਰੰਗ ਦਾ ਦਿਸਿਆ। ਇਹ ਤਸਵੀਰਾਂ ਨਿਊਜ਼ੀਲੈਂਡ ਦੇ ਸਾਈਂਸ ਟੈਕਨੀਸ਼ੀਅਨ ਸਟੂਅਰਟ ਸ਼ਾਅ ਨੇ ਲਈਆਂ ਹਨ, ਜਿਹਨਾਂ ਨੂੰ ਸਕਾਟ ਬੇਸ 'ਤੇ ਸਰਦੀਆਂ ਲਈ ਤਾਇਨਾਤ ਕੀਤਾ ਗਿਆ ਸੀ। ਸਟੂਅਰਟ ਨੇ ਹਾਲ ਹੀ ਵਿਚ ਇੰਸਟਾਗ੍ਰਾਮ ਪੇਜ 'ਤੇ ਗੁਲਾਬੀ ਆਸਮਾਨ ਦੀਆਂ ਤਸਵੀਰਾਂ ਅਪਲੋਡ ਕੀਤੀਆਂ। ਉਹਨਾਂ ਨੇ ਇਸ ਦੇ ਕੈਪਸ਼ਨ ਵਿਚ ਲਿਖਿਆ ਕਿ ਮੰਨੋ ਜਾਂ ਨਾ ਮੰਨੋ, ਇਹਨਾਂ ਤਸਵੀਰਾਂ ਨੂੰ ਆਡਿਟ ਨਹੀਂ ਕੀਤਾ ਗਿਆ ਹੈ।ਇਹ ਅਵਿਸ਼ਵਾਸਯੋਗ ਹਨ।
ਪੜ੍ਹੋ ਇਹ ਅਹਿਮ ਖ਼ਬਰ- ਹੈਰਾਨੀਜਨਕ! ਚਿਲੀ 'ਚ ਮਿਲੀ 16 ਫੁੱਟ ਲੰਬੀ 'ਮੱਛੀ', ਕ੍ਰੇਨ ਨਾਲ ਕੱਢੀ ਗਈ ਬਾਹਰ (ਵੀਡੀਓ)
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਚੀਨ ਦੇ ਝੋਉਸ਼ਾਨ ਸ਼ਹਿਰ ਦਾ ਆਸਮਾਨ ਗਾੜਾ ਲਾਲ ਹੋ ਗਿਆ ਸੀ। ਹਾਲ ਹੀ ਵਿਚ ਅਮਰੀਕਾ ਦੇ ਦੱਖਣੀ ਡਕੋਟਾ ਦੇ ਸਿਓਕਸ ਫਾਲਸ ਵਿਚ ਵੀ ਆਸਮਾਨ ਦਾ ਰੰਗ ਅਚਾਨਕ ਹਰਾ ਹੋ ਗਿਆ ਸੀ। ਨਿਊਜ਼ੀਲੈਂਡ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਟਰ ਐਂਡ ਐਟਮਸਫੇਰਿਕ ਰਿਸਰਚ (NIWA) ਲਈ ਇਕ ਪ੍ਰੈੱਸ ਬਿਆਨ ਵਿਚ ਇਸ ਘਟਨਾ ਦੀ ਵਿਆਖਿਆ ਕੀਤੀ ਗਈ ਹੈ। ਗੁਲਾਬੀ ਆਸਮਾਨ ਦੀ ਖੂਬਸੂਰਤੀ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਹੈਰਾਨ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            