ਮੰਦਭਾਗੀ ਖ਼ਬਰ : ਸੁਨਹਿਰੀ ਭਵਿੱਖ ਬਣਾਉਣ ਲਈ ਇਟਲੀ ਗਏ ਪੰਜਾਬੀ ਦੀ ਅਚਾਨਕ ਮੌਤ
Thursday, Mar 16, 2023 - 11:02 PM (IST)
ਮਿਲਾਨ/ਇਟਲੀ (ਸਾਬੀ ਚੀਨੀਆ) : ਹੋਰਨਾਂ ਲੱਖਾਂ ਪੰਜਾਬੀਆਂ ਵਾਂਗੂ ਆਪਣੇ ਬੱਚਿਆਂ ਲਈ ਰੋਜ਼ੀ ਰੋਟੀ ਕਮਾਉਣ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਖਾਤਿਰ ਵਿਦੇਸ਼ਾਂ ’ਚ ਜਾ ਵਸੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਨਾਲ ਸਬੰਧਤ ਗੁਰਬਖਸ਼ ਸਿੰਘ (47) ਦੀ ਇਟਲੀ ’ਚ ਅਚਾਨਕ ਮੌਤ ਹੋਣ ਦੀ ਦੁੱਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਬਖ਼ਸ਼ ਸਿੰਘ ਪੁੱਤਰ ਗੁਰਚਰਨ ਸਿੰਘ ਇਟਲੀ ਦੀ ਰਾਜਧਾਨੀ ਰੋਮ ਦੇ ਨੇੜਲੇ ਸ਼ਹਿਰ ਅਪ੍ਰੀਲੀਆ ਵਿਖੇ ਪਿਛਲੇ 17 ਸਾਲ ਤੋਂ ਰਹਿ ਰਿਹਾ ਸੀ। ਬੀਤੇ ਦਿਨੀਂ ਜਦ ਉਹ ਦੇਰ ਸ਼ਾਮ ਬਾਅਦ ਕੰਮ ਤੋਂ ਘਰ ਵਾਪਿਸ ਆਇਆ ਤਾਂ ਛਾਤੀ ’ਚ ਦਰਦ ਹੋਣ ਮਗਰੋਂ ਉਸ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਇਕ ਹੋਰ ਪੰਜਾਬੀ ਗੱਭਰੂ ਦੀ ਹੋਈ ਮੌਤ
ਮ੍ਰਿਤਕ ਗੁਰਬਖਸ਼ ਸਿੰਘ ਦੀ ਮੌਤ ਤੋਂ ਬਾਅਦ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆ ਉਨ੍ਹਾਂ ਦੇ ਇੰਗਲੈਂਡ ਰਹਿੰਦੇ ਭਰਾ ਚਮਕੌਰ ਸਿੰਘ ਅਤੇ ਰਿਸ਼ਤੇਦਾਰ ਸੁਖਵਿੰਦਰ ਸਿੰਘ ਮੰਡੇਰ ਨੇ ਦੱਸਿਆ ਕਿ ਮ੍ਰਿਤਕ ਦਾ ਸਸਕਾਰ ਇਟਲੀ ’ਚ ਹੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਮ੍ਰਿਤਕ ਦਾ ਪਰਿਵਾਰ ਪੰਜਾਬ ’ਚ ਹੀ ਰਹਿੰਦਾ ਹੈ। ਉਹ ਆਪਣੇ ਪਿੱਛੇ ਪਤਨੀ, ਧੀ ਅਤੇ ਪੁੱਤ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ ਹੈ। ਗੁਰਬਖਸ਼ ਸਿੰਘ ਦੀ ਮੌਤ ’ਤੇ ਪੰਜਾਬੀ ਭਾਈਚਾਰਾ ਡੂੰਘੇ ਸਦਮੇ ’ਚ ਹੈ। ਇਟਲੀ ਦੀਆਂ ਧਾਰਮਿਕ, ਸਿਆਸੀ, ਖੇਡ ਕਲੱਬਾਂ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ ’ਚ ਫ਼ੌਜ ਦੇ ਕ੍ਰੈਸ਼ ਹੋਏ ਚੀਤਾ ਹੈਲੀਕਾਪਟਰ ’ਚ ਦੋਵਾਂ ਪਾਇਲਟਾਂ ਦੀ ਮੌਤ