ਸੂਡਾਨ ਦੇ ਫ਼ੌਜੀ ਨੇਤਾ ਨੇ ਤਖਤਾਪਲਟ ਦੀ ਆਲੋਚਨਾ ਕਰਨ ਵਾਲੇ ਛੇ ਰਾਜਦੂਤਾਂ ਨੂੰ ਕੀਤਾ ਬਰਖਾਸਤ

10/28/2021 4:59:51 PM

ਕਾਹਿਰਾ (ਭਾਸ਼ਾ): ਸੂਡਾਨ ਦੇ ਫ਼ੌਜੀ ਨੇਤਾ ਨੇ ਤਖਤਾਪਲਟ ਦੀ ਆਲੋਚਨਾ ਕਰਨ ਵਾਲੇ ਅਮਰੀਕਾ, ਯੂਰਪੀ ਸੰਘ ਅਤੇ ਫਰਾਂਸ ਦੇ ਰਾਜਦੂਤਾਂ ਸਮੇਤ ਘੱਟੋ-ਘੱਟ ਛੇ ਰਾਜਦੂਤਾਂ ਨੂੰ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਲੋਕਾਂ ਨੇ ਫ਼ੌਜ ਵੱਲੋਂ ਦੇਸ਼ ਦੀ ਸੱਤਾ ’ਤੇ ਕਾਬਜ਼ ਹੋਣ ਦੀ ਨਿਖੇਧੀ ਕੀਤੀ ਸੀ। ਫ਼ੌਜ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਡਿਪਲੋਮੈਟਾਂ ਨੇ ਪ੍ਰਧਾਨ ਮੰਤਰੀ ਅਬਦੁੱਲਾ ਹਮਦੋਕ ਦੀ ਹੁਣ ਤੋਂ ਬਰਖਾਸਤ ਸਰਕਾਰ ਲਈ ਆਪਣਾ ਸਮਰਥਨ ਦੇਣ ਦਾ ਵਾਅਦਾ ਕੀਤਾ। ਅਧਿਕਾਰੀ ਮੁਤਾਬਕ, ਕਤਰ, ਚੀਨ ਅਤੇ ਜਿਨੇਵਾ ਵਿੱਚ ਸੰਯੁਕਤ ਰਾਸ਼ਟਰ ਮਿਸ਼ਨਾਂ ਵਿੱਚ ਸੂਡਾਨ ਦੇ ਰਾਜਦੂਤਾਂ ਨੂੰ ਵੀ ਬੁੱਧਵਾਰ ਦੇਰ ਰਾਤ ਜਨਰਲ ਅਬਦੇਲ-ਫਤਹਿ ਬੁਰਹਾਨ ਦੁਆਰਾ ਬਰਖਾਸਤ ਕਰ ਦਿੱਤਾ ਗਿਆ ਸੀ। ਸਰਕਾਰੀ ਸੂਡਾਨ ਟੀਵੀ ਨੇ ਵੀ ਬਰਖਾਸਤਗੀ ਬਾਰੇ ਰਿਪੋਰਟ ਕੀਤੀ। ਜਨਰਲ ਬੁਰਹਾਨ ਵੱਲੋਂ ਸਰਕਾਰ ਨੂੰ ਭੰਗ ਕਰਨ ਅਤੇ ਤਖ਼ਤਾਪਲਟ ਦੇ ਬਾਅਦ ਪ੍ਰਧਾਨ ਮੰਤਰੀ, ਕਈ ਸਰਕਾਰੀ ਅਧਿਕਾਰੀਆਂ ਅਤੇ ਰਾਜਨੀਤਕ ਨੇਤਾਵਾਂ ਨੂੰ ਨਜ਼ਰਬੰਦ ਕਰਨ ਤੋਂ ਤਿੰਨ ਦਿਨ ਬਾਅਦ ਰਾਜਦੂਤਾਂ ਨੂੰ ਬਾਹਰ ਕੱਢਿਆ ਗਿਆ ਹੈ।

 ਪੜ੍ਹੋ ਇਹ ਅਹਿਮ ਖਬਰ - ਕਿਮ ਜੋਂਗ ਉਨ ਦਾ ਨਵਾਂ ਫਰਮਾਨ, ਸਾਲ 2025 ਤੱਕ ਘੱਟ ਖਾਣ ਉੱਤਰੀ ਕੋਰੀਆ ਦੇ ਲੋਕ

ਤਖਤਾਪਲਟ ਤੋਂ ਬਾਅਦ ਸੱਤਾ ਸੰਭਾਲਣ ਵਾਲੇ ਜਨਰਲ ਅਬਦੇਲ-ਫਤਹਿ ਬੁਰਹਾਨ ਨੇ ਹਾਲਾਂਕਿ ਸੂਡਾਨ ਵਿੱਚ ਜੁਲਾਈ 2023 ਵਿੱਚ ਨਿਰਧਾਰਤ ਤੌਰ 'ਤੇ ਚੋਣਾਂ ਕਰਵਾਉਣ ਦੀ ਸਹੁੰ ਖਾਧੀ ਹੈ ਅਤੇ ਇਸ ਦੌਰਾਨ ਇੱਕ 'ਟੈਕਨੋਕਰੇਟ' ਸਰਕਾਰ ਦੀ ਨਿਯੁਕਤੀ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸਿਆਸੀ ਪਾਰਟੀਆਂ ਦੇ ਆਪਸੀ ਖਿੱਚੋਤਾਣ ਕਾਰਨ ਫ਼ੌਜੀ ਤਾਕਤਾਂ ਨੂੰ ਸੱਤਾ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣ ਲਈ ਮਜਬੂਰ ਹੋਣਾ ਪਿਆ ਅਤੇ ਜੇਕਰ ਅਜਿਹਾ ਨਾ ਹੁੰਦਾ ਤਾਂ ਦੇਸ਼ ਵਿੱਚ ਘਰੇਲੂ ਜੰਗ ਛਿੜ ਸਕਦੀ ਸੀ।


Vandana

Content Editor

Related News