ਸਮਾਜ ਭਲਾਈ ਕਾਰਜਾਂ ਦੀ ਮਿਸਾਲ : ਸਬ ਇੰਸਪੈਕਟਰ ਦਲਜੀਤ ਸਿੰਘ ਗੋਰਾਇਆ
Wednesday, Apr 22, 2026 - 02:10 PM (IST)
ਵੈਨਕੂਵਰ (ਮਲਕੀਤ ਸਿੰਘ)- ਜਿੱਥੇ ਕਿ ਇੱਕ ਪਾਸੇ ਕੁਝ ਕੁ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀਆਂ ਜਾਂਦੀਆਂ 'ਆਪਹੁਦਰੀਆਂ' ਸਮੁੱਚੇ ਪੁਲਿਸ ਵਿਭਾਗ ਦੇ ਅਕਸ 'ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ, ਉੱਥੇ ਹੀ ਪੰਜਾਬ ਪੁਲਿਸ ਦੇ ਕੁਝ ਸੂਝਵਾਨ ਅਫਸਰਾਂ ਅਤੇ ਮੁਲਾਜ਼ਮਾਂ ਵੱਲੋਂ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਦੇ ਨਾਲ ਸਮਾਜ ਭਲਾਈ ਦੇ ਕਾਰਜਾਂ ਚ ਯੋਗਦਾਨ ਪਾ ਕੇ ਜਿੱਥੇ ਕਿ ਪੁਲਿਸ ਵਿਭਾਗ ਦਾ ਨਾਮ ਰੋਸ਼ਨ ਕੀਤਾ ਜਾਂਦਾ ਹੈ ਉੱਥੇ ਉਹਨਾਂ ਵੱਲੋਂ ਮਨੁੱਖਤਾ ਦੇ ਭਲੇ ਲਈ ਕੀਤੇ ਜਾਂਦੇ ਸ਼ਲਾਘਾਯੋਗ ਉਪਰਾਲੇ ਸਮੁੱਚੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਵੀ ਬਣਦੇ ਹਨ।
ਕੁਝ ਇਸ ਤਰ੍ਹਾਂ ਦੇ ਸਮਾਜ ਸੇਵੀ ਕਾਰਜਾਂ ਲਈ ਲਗਾਤਾਰ ਕਾਰਜਸ਼ੀਲ ਹਨ ਪੰਜਾਬ ਪੁਲਿਸ ਦੇ ਅੰਮ੍ਰਿਤਸਰ ਟਰੈਫਿਕ ਵਿੰਗ ਵਿੱਚ ਬਤੌਰ ਇੰਚਾਰਜ ਡਿਊਟੀ ਨਿਭਾ ਰਹੇ ਸਬ ਇੰਸਪੈਕਟਰ ਦਲਜੀਤ ਸਿੰਘ ਗੋਰਾਇਆ। 1987 'ਚ ਪੰਜਾਬ ਪੁਲਿਸ ਭਰਤੀ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਫੈਜੁਲਾ ਚੱਕ ਦੇ ਵਸਨੀਕ ਸਬ ਇੰਸਪੈਕਟਰ ਦਲਜੀਤ ਸਿੰਘ ਗੋਰਾਇਆ ਵੱਲੋਂ ਆਪਣੇ ਸਾਥੀਆਂ ਸਮੇਤ ਸਮਾਜ ਭਲਾਈ ਕਾਰਜਾਂ ਦੀ ਮੁਢਲੀ ਸ਼ੁਰੂਆਤ ਕੋਰੋਨਾ ਕਾਲ ਦੌਰਾਨ ਆਰੰਭੀ ਗਈ, ਜਦੋਂ ਇਸ ਭਿਆਨਕ ਦੌਰ ਦੌਰਾਨ ਉਹਨਾਂ ਵੱਲੋਂ ਆਪਣੇ ਸਾਥੀ ਮੁਲਾਜ਼ਮਾਂ ਨਾਲ ਮਿਲ ਕੇ ਭੁੱਖੇ ਰਹਿ ਰਹੇ ਪਰਿਵਾਰਾਂ ਨੂੰ ਰਾਸ਼ਨ ਮੁੱਹਈਆ ਕਰਵਾਇਆ ਗਿਆ। ਇਸੇ ਹੀ ਭਿਆਨਕ ਦੌਰ ਦੌਰਾਨ ਉਨਾਂ ਵੱਲੋਂ ਅੰਮ੍ਰਿਤਸਰ 'ਚ ਲਵਾਰਸ ਹਾਲਤ 'ਚ ਮਿਲੀਆਂ 8 ਲਾਸ਼ਾਂ ਦੇ ਅੰਤਿਮ ਸੰਸਕਾਰ ਵੀ ਕਰਵਾਏ ਗਏ।
ਕੋਰੋਨਾ ਕਾਲ ਖਤਮ ਹੋਣ ਤੋਂ ਬਾਅਦ ਵੀ ਉਹਨਾਂ ਵੱਲੋਂ ਅਜਿਹੇ ਸਮਾਜ ਭਲਾਈ ਦੇ ਕਾਰਜ ਜਾਰੀ ਰੱਖਦਿਆਂ ਲੋੜਵੰਦ ਬੱਚਿਆਂ ਨੂੰ ਕਾਪੀਆਂ ਪੈਨਸਿਲਾਂ ਵੰਡਣ ਦਾ ਸਿਲਸਿਲਾ ਆਰੰਭਿਆ ਗਿਆ ਅਤੇ ਨਾਲ ਦੀ ਨਾਲ ਕੁਝ ਗਰੀਬ ਪਰਿਵਾਰਾਂ ਨਾਲ ਸੰਬੰਧਿਤ 98 ਲੜਕੀਆਂ ਦੇ ਅਨੰਦ ਕਾਰਜ ਕਰਵਾਉਣ 'ਚ ਉਹਨਾਂ ਦੇ ਮਾਪਿਆ ਦੀ ਆਰਥਿਕ ਸਹਾਇਤਾ ਕੀਤੀ ਅਤੇ 200 ਤੋਂ ਦੇ ਕਰੀਬ ਅੱਖਾਂ ਦੇ ਮਰੀਜ਼ਾਂ ਦੇ ਆਪਰੇਸ਼ਨ ਕਰਵਾਏ। ਇਸ ਦੌਰਾਨ ਕੁਝ ਅੰਗਹੀਣ ਲੋਕਾਂ ਨੂੰ ਬਨਾਉਟੀ ਅੰਗ ਮੁਹੱਈਆ ਕਰਵਾਉਣ 'ਚ ਉਹਨਾਂ ਦੀ ਮਦਦ ਕੀਤੀ। ਉਹਨਾਂ ਇਹ ਵੀ ਦੱਸਿਆ ਕਿ ਨਸ਼ਿਆਂ ਦੀ ਭੈੜੀ ਦਲਦਲ ਤੋਂ ਬਾਹਰ ਆ ਚੁੱਕੇ 50 ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ ਰੁਜਗਾਰ ਲਈ ਉਹਨਾਂ ਦੀ ਟੀਮ ਵੱਲੋਂ ਆਰਥਿਕ ਸਹਾਇਤਾ ਵੀ ਕੀਤੀ ਜਾ ਚੁੱਕੀ ਹੈ।
ਉਹਨਾਂ ਇਹ ਵੀ ਦੱਸਿਆ ਕਿ ਟਰੈਫਿਕ ਡਿਊਟੀ ਦੌਰਾਨ ਦੋਪਹੀਆ ਵਾਹਨਾ ਦੇ ਰਾਹਗੀਰਾਂ ਨੂੰ ਹੈਲਮਟ ਵੰਡਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਰਾਹਗੀਰਾਂ ਨੂੰ ਗੁਲਾਬ ਦੇ ਫੁੱਲਾਂ ਨਾਲ ਨਵਾਜੇ ਜਾਣ ਦੀ ਵੀ ਇੱਕ ਨਵੇਕਲੀ ਪਿਰਤ ਆਰੰਭੀ ਗਈ ਹੈ। ਅਖੀਰ 'ਚ ਦਲਜੀਤ ਸਿੰਘ ਗੁਰਾਇਆ ਨੇ ਦੱਸਿਆ ਕਿ ਉਹਨਾਂ ਨੂੰ ਸਮਾਜ ਭਲਾਈ ਕਾਰਜਾਂ ਸਦਕਾ ਹੁਣ ਤੱਕ ਮਾਨਯੋਗ ਸ਼੍ਰੀ ਗੌਰਵ ਯਾਦਵ ਡੀਜੀਪੀ ਪੰਜਾਬ, ਟਰੈਫਿਕ ਵਿੰਗ ਦੇ ਡੀਜੀਪੀ ਏ ਐਸ ਰਾਏ, ਪੰਜਾਬ ਪੁਲਿਸ ਦੇ ਕਈ ਸੀਨੀਅਰ ਅਫਸਰਾਂ ਤੋਂ ਇਲਾਵਾ ਕੇਂਦਰ ਸਰਕਾਰ, ਉੱਤਰਾਖੰਡ, ਯੂਪੀ, ਹਿਮਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀਆਂ ਸੁਬਾਈ ਸਰਕਾਰਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
