ਕੋਵਿਡ ਕਾਰਨ ਵੱਡੀ ਗਿਣਤੀ ''ਚ ਵਿਦਿਆਰਥੀਆਂ ਨੇ ਛੱਡਿਆ ਆਸਟ੍ਰੇਲੀਆ

01/20/2021 10:04:23 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ‘ਚ ਘੱਟ ਇਕਾਂਤਵਾਸ ਸਮਰੱਥਾ ਅਤੇ ਕੋਵਿਡ-19 ਨੀਤੀਗਤ ਬਦਲਾਵਾਂ ਕਾਰਣ ਵਿਦੇਸ਼ੀ ਪਾੜ੍ਹਿਆਂ ਨੂੰ ਵਾਪਸ ਲਿਆਉਣ ਵਿਚ ਦੇਰੀ ਹੋ ਰਹੀ ਹੈ ਤੇ ਕਈਆਂ ਨੂੰ ਆਸਟ੍ਰੇਲੀਆ ਛੱਡ ਕੇ ਵਾਪਸ ਆਪਣੇ ਦੇਸ਼ ਜਾਣਾ ਪਿਆ ਹੈ।

ਸਰਕਾਰ ਦੇ ਸਿੱਖਿਆ, ਹੁਨਰ ਅਤੇ ਰੁਜ਼ਗਾਰ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਇੱਥੇ 10 ਜਨਵਰੀ, 2021 ਤੱਕ ਆਸਟ੍ਰੇਲੀਆ ਦੇ 5,42,106 ਵਿਦਿਆਰਥੀ ਵੀਜ਼ਾ ਧਾਰਕਾਂ ਵਿਚੋਂ ਲਗਭਗ 1,64,000 ਨੂੰ ਅਨਿਸ਼ਚਿਤ ਹਲਾਤਾਂ ਕਾਰਨ ਦੇਸ਼ ਛੱਡਣਾ ਪਿਆ ਹੈ। ਤਾਜ਼ਾ ਰਾਸ਼ਟਰੀ ਅੰਕੜਿਆਂ ਅਨੁਸਾਰ ਤਕਰੀਬਨ 12,740 ਵਿਦਿਆਰਥੀ ਵੀਜ਼ਾ ਧਾਰਕ, ਜਿਨ੍ਹਾਂ ਨੂੰ ਅਨਿਸ਼ਚਿਤ ਹਲਾਤਾਂ ਕਰ ਕੇ ਆਸਟ੍ਰੇਲੀਆ ਛੱਡ ਕੇ ਜਾਣਾ ਪਿਆ, ਉਹ ਭਾਰਤ ਤੋਂ ਸਨ। ਹੁਣ ਤੱਕ 60,394 ਵਿਦਿਆਰਥੀ ਨਿਊ ਸਾਊਥ ਵੇਲਜ਼ ਅਤੇ 56,824 ਵਿਕਟੋਰੀਆ ਸੂਬੇ ਤੋਂ ਆਪਣੇ ਦੇਸ਼ ਜਾਂ ਹੋਰਨਾਂ ਮੁਲਕਾਂ ਲਈ ਵਾਪਸ ਜਾ ਚੁੱਕੇ ਹਨ ਜਿਸ ਦੇ ਨਤੀਜੇ ਵਜੋਂ ਇਨ੍ਹਾਂ ਰਾਜਾਂ ਨੂੰ ਭਾਰੀ ਆਰਥਕ ਨੁਕਸਾਨ ਹੋਇਆ ਹੈ। 

ਗੌਰਤਲਬ ਹੈ ਕਿ ਇਨ੍ਹਾਂ ‘ਚ ਬਹੁਤੇ ਉਹ ਪਾੜ੍ਹੇ ਸ਼ਾਮਲ ਹਨ ਜੋ ਆਪਣੀ ਪੜ੍ਹਾਈ ਜਾਂ ਤਾਂ ਪੂਰੀ ਕਰ ਚੁੱਕੇ ਹਨ ਜਾਂ ਆਪਣੀ ਪੜ੍ਹਾਈ ਅਜੇ ਸ਼ੁਰੂ ਹੀ ਨਹੀਂ ਕਰ ਸਕੇ। ਇਸ ਤੋਂ ਇਲਾਵਾ ਵਾਪਸ ਆਉਣ ਵਿਚ ਅਸਮਰਥ 40,000 ਆਸਟ੍ਰੇਲੀਅਨ ਨਾਗਰਿਕਾਂ ਨੂੰ ਵਾਪਸ ਲਿਆਉਣਾ ਵੀ ਸਰਕਾਰ ਲਈ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਉੱਧਰ ਵਿਦੇਸ਼ੀ ਪਾੜ੍ਹਿਆਂ ਦੀ ਵਾਪਸੀ ਲਈ ਪਾਇਲਟ ਯੋਜਨਾਵਾਂ 'ਤੇ ਜਾਣਕਾਰੀ ਦਿੰਦਿਆਂ ਸੂਬਾ ਵਿਕਟੋਰੀਆ ਦੇ ਡਿਪਟੀ ਪ੍ਰੀਮੀਅਰ ਜੇਮਜ਼ ਮਰਲਿਨੋ ਨੇ ਕਿਹਾ ਹੈ ਕਿ ਸੂਬਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ ਉੱਤੇ ਸੰਘੀ ਸਰਕਾਰ ਨਾਲ ਬਰਾਬਰ ਰਾਬਤੇ ‘ਚ ਹੈ ਪਰ ਇਸ ਬਾਰੇ ਕੋਈ ਸਮਾਂ-ਸੀਮਾ ਇਸ ਸਮੇਂ ਨਹੀਂ ਦਿੱਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ- ਬੰਗਾਲ : ਧੁੰਦ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, 13 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਮੰਨਿਆ ਕਿ ਕੋਰੋਨਾ ਵਾਇਰਸ ਦੇ ਬਦਲ ਰਹੇ ਰੂਪ ਕਾਰਨ ਸਰਹੱਦਾਂ ਖੋਲ੍ਹਣ ਵਿਚ ਅਨਿਸ਼ਚਤਤਾ ਹੋਰ ਵੱਧ ਗਈ ਹੈ ਜਿਸ ਕਾਰਨ ਵਿਦਿਆਰਥੀਆਂ ਦੇ ਮੁੜ ਪਰਤਣ ਵਿਚ ਦੇਰੀ ਹੋ ਰਹੀ ਹੈ। ਦੱਸਣਯੋਗ ਹੈ ਕਿ ਚੀਨ ਤੋਂ ਬਾਅਦ ਭਾਰਤ ਤੋ ਆਸਟ੍ਰੇਲੀਆ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦਾ ਦੂਜਾ ਸਭ ਤੋਂ ਵੱਡਾ ਸਰੋਤ ਦੇਸ਼ ਹੈ।

►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


Lalita Mam

Content Editor

Related News