ਆਸਟ੍ਰੇਲੀਆ ‘ਚ ਵਿਦਿਆਰਥੀਆਂ ਨੂੰ ਮਿਲੀ ਇਹ ਖੁੱਲ੍ਹ, ਪੜ੍ਹਾਈ ਦੇ ਨਾਲ ਵਧੇਰੇ ਕਰ ਸਕਣਗੇ ਕਮਾਈ
Friday, Jan 08, 2021 - 10:04 AM (IST)
ਬ੍ਰਿਸਬੇਨ/ ਮੈਲਬੌਰਨ, (ਸੁਰਿੰਦਰਪਾਲ ਸਿੰਘ ਖੁਰਦ, ਮਨਦੀਪ ਸੈਣੀ)- ਆਸਟ੍ਰੇਲੀਆ ‘ਚ ਕੋਵਿਡ-19 ਮਹਾਮਾਰੀ ਦੌਰਾਨ ਅਸਾਧਾਰਣ ਹਲਾਤਾਂ ਨੂੰ ਦੇਖਦਿਆਂ ਜ਼ਰੂਰੀ ਸੇਵਾਵਾਂ ਵਿਚ ਕਾਮਿਆਂ ਦੀ ਵਧੇਰੇ ਮੰਗ ਨੂੰ ਯਕੀਨੀ ਬਣਾਉਣ ਤਹਿਤ ਗ੍ਰਹਿ ਵਿਭਾਗ ਅਤੇ ਆਸਟ੍ਰੇਲੀਆਈ ਬਾਰਡਰ ਫੋਰਸ ਵਲੋਂ ਵਿਦਿਆਰਥੀ ਵੀਜ਼ਾ ਧਾਰਕਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ। ਕੁੱਝ ਖੇਤਰਾਂ ‘ਚ ਵਿਦਿਆਰਥੀਆਂ ਨੂੰ ਦੋ ਹਫ਼ਤਿਆਂ ਵਿਚ 40 ਘੰਟੇ ਤੋਂ ਵੱਧ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ।
ਇਨ੍ਹਾਂ ਨਵੀਆਂ ਹਿਦਾਇਤਾਂ ‘ਚ ਪਾੜ੍ਹਿਆਂ ਨੂੰ ਆਪਣੇ ਕੋਰਸ ਦੌਰਾਨ ਵਧੇਰੇ ਘੰਟੇ ਕੰਮ ਕਰਨ ਦੇ ਕਾਨੂੰਨੀ ਅਧਿਕਾਰ ਹੋਣਗੇ ਪਰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਉਹ ਆਪਣੀ ਪੜ੍ਹਾਈ ਲਈ ਗੰਭੀਰ ਹਨ ਅਤੇ ਆਪਣਾ ਕੋਰਸ ਪੂਰਾ ਕਰਦੇ ਹਨ।
ਸੰਬੰਧਤ ਖੇਤਰ ਜਿਨ੍ਹਾਂ ‘ਚ ਵਿਦਿਆਰਥੀਆਂ ਨੂੰ ਖੁੱਲ੍ਹਾ ਸਮਾਂ ਕੰਮ ਦੀ ਰਿਆਇਤ ਮਿਲੀ ਹੈ, ਉਹ ਇਸ ਤਰ੍ਹਾਂ ਹੈ-
- ਤੁਸੀਂ 8 ਸਤੰਬਰ, 2020 ਤੋਂ ਪਹਿਲਾਂ ਕਿਸੇ ਆਰ. ਏ. ਸੀ. ਆਈ. ਆਈ. ਜਾਂ ਐੱਨ. ਏ. ਪੀ. ਐੱਸ. ਆਈ. ਡੀ. ਨਾਲ ਇਕ ਪ੍ਰਵਾਨਿਤ ਪ੍ਰੋਵਾਈਡਰ (ਮਾਲਕ) ਜਾਂ ਕਾਮਨਵੈਲਥ ਫੰਡ ਦੁਆਰਾ ਪ੍ਰਾਪਤ ਬਜ਼ੁਰਗ ਲੋਕਾਂ ਦੀ ਸਿਹਤ ਸੰਭਾਲ ਦੀ ਨੌਕਰੀ ਕਰਦੇ ਹੋ।
- ਇਕ ਰਜਿਸਟਰਡ ਰਾਸ਼ਟਰੀ ਅਪੰਗਤਾ ਬੀਮਾ ਯੋਜਨਾ ਵਲੋਂ ਨੌਕਰੀ ਕਰ ਰਹੇ ਹੋ।
- ਸਿਹਤ ਦੇਖ-ਰੇਖ ਨਾਲ ਸਬੰਧਤ ਕੋਰਸ ਵਿਚ ਦਾਖ਼ਲ ਹੋਏ ਹੋ ਅਤੇ ਤੁਸੀਂ ਸਿਹਤ ਅਧਿਕਾਰੀਆਂ ਦੁਆਰਾ ਨਿਰਦੇਸ਼ਾਂ ਅਨੁਸਾਰ ਕੋਵਿਡ-19 ਦੌਰਾਨ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹੋ।
- ਤੁਸੀਂ ਖੇਤੀਬਾੜੀ ਧੰਦੇ ਵਿਚ ਨੌਕਰੀ ਕਰਦੇ ਹੋ।
ਇਹ ਵੀ ਪੜ੍ਹੋ-ਗ੍ਰੇਟਰ ਬ੍ਰਿਸਬੇਨ 'ਚ ਕੋਰੋਨਾ ਕਾਰਨ ਤਾਲਾਬੰਦੀ, ਸ਼ਾਪਿੰਗ ਮਾਲਾਂ ‘ਚ ਲੱਗੀਆਂ ਕਤਾਰਾਂ
ਦੱਸਣਯੋਗ ਹੈ ਕਿ ਵਿਦਿਆਰਥੀ ਵੀਜ਼ਾ ਧਾਰਕਾਂ ਨੂੰ ਕੰਮ ਦੀ ਅਸਥਾਈ ਖੁੱਲ੍ਹ ਲੈਣ ਲਈ ਵਿਭਾਗ ਨੂੰ ਸਿੱਧੀ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੈ। ਸੰਬੰਧਤ ਪਾੜ੍ਹਿਆਂ ਨੂੰ ਸਿਰਫ਼ ਆਪਣੇ ਕੰਮ ਦੇ ਮਾਲਕ ਨਾਲ ਸੰਪਰਕ ਕਰਨਾ ਲਾਜ਼ਮੀ ਹੋਵੇਗਾ। ਸਿੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਵੀਂ ਅਸਥਾਈ ਨੀਤੀ ਨਾਲ ਪਾੜ੍ਹਿਆਂ ਲਈ ਪੜ੍ਹਾਈ ਦੇ ਨਾਲ ਕਮਾਈ ਦੇ ਵੀ ਵਧੇਰੇ ਮੌਕੇ ਮਿਲਣਗੇ ਅਤੇ ਆਸਟ੍ਰੇਲੀਆ ਲਈ ਵਿਦੇਸ਼ੀ ਪਾੜ੍ਹਿਆਂ ਦੀ ਖਿੱਚ ਵਧੇਗੀ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ