ਵਿਦਿਆਰਥੀ ਨੇ ਅੰਨ੍ਹੇਵਾਹ ਕੀਤਾ ਚਾਕੂ ਹਮਲਾ, 8 ਲੋਕਾਂ ਦੀ ਮੌਤ, 17 ਜ਼ਖਮੀ
Sunday, Nov 17, 2024 - 11:05 AM (IST)
ਬੀਜਿੰਗ (ਭਾਸ਼ਾ)— ਚੀਨ ਦੇ ਜਿਆਂਗਸੂ ਸੂਬੇ ਦੇ ਵੂਸ਼ੀ ਸ਼ਹਿਰ ਦੇ ਇਕ ਕਾਲਜ 'ਚ 21 ਸਾਲਾ ਨੌਜਵਾਨ ਨੇ ਕਥਿਤ ਤੌਰ 'ਤੇ ਅੰਨ੍ਹੇਵਾਹ ਚਾਕੂ ਨਾਲ ਹਮਲਾ ਕੀਤਾ। ਇਸ ਹਮਲੇ 'ਚ ਨੌਜਵਾਨ ਨੇ ਅੱਠ ਲੋਕਾਂ ਦੀ ਹੱਤਿਆ ਕਰ ਦਿੱਤੀ। ਚਾਕੂ ਹਮਲੇ 'ਚ 17 ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਚਾਕੂ ਮਾਰਨ ਦੀ ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ। ਪੁਲਸ ਨੇ ਦੋਸ਼ੀ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਉਸੇ ਕਾਲਜ ਦਾ ਵਿਦਿਆਰਥੀ ਦੱਸਿਆ ਗਿਆ ਹੈ, ਜਿਸ ਵਿਚ ਉਸ ਨੇ ਦਾਖਲ ਹੋ ਕੇ ਘੱਟੋ-ਘੱਟ 25 ਲੋਕਾਂ 'ਤੇ ਚਾਕੂ ਨਾਲ ਹਮਲਾ ਕੀਤਾ।
ਘਟਨਾ ਦੇ ਸਬੰਧ 'ਚ ਜਾਰੀ ਬਿਆਨ 'ਚ ਪੁਲਸ ਨੇ ਕਿਹਾ ਕਿ ਚਾਕੂ ਮਾਰਨ ਦੀ ਘਟਨਾ ਸ਼ਨੀਵਾਰ ਸ਼ਾਮ ਨੂੰ ਸਥਾਨਕ ਸਮੇਂ ਮੁਤਾਬਕ ਕਰੀਬ 6:30 ਵਜੇ ਵੂਸ਼ੀ ਦੇ ਯਿਕਸਿੰਗ ਆਰਟ ਐਂਡ ਕਰਾਫਟ ਵੋਕੇਸ਼ਨਲ ਐਂਡ ਟ੍ਰੇਨਿੰਗ ਕਾਲਜ 'ਚ ਵਾਪਰੀ। ਪੁਲਸ ਨੇ ਹਮਲਾਵਰ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ। ਪੁਲਸ ਨੇ ਹਮਲਾਵਰ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਕਿਹਾ ਹੈ ਕਿ ਉਹ 21 ਸਾਲ ਦਾ ਹੈ ਅਤੇ ਉਪਨਾਮ ਝੂ ਹੈ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮ ਨੇ ਹਮਲੇ ਦੀ ਗੱਲ ਕਬੂਲ ਕਰ ਲਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਨਵੇਂ ਅਮਰੀਕੀ ਪ੍ਰਸ਼ਾਸਨ ਨਾਲ ਕੰਮ ਕਰਨ ਲਈ ਤਿਆਰ: ਸ਼ੀ ਜਿਨਪਿੰਗ
ਕਾਲਜ ਲਈ ਮੁਲਜ਼ਮ ਦੇ ਮਨ 'ਚ ਗੁੱਸਾ
ਇਸ ਘਟਨਾ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਵੀ ਇਸੇ ਕਾਲਜ ਵਿੱਚ ਪੜ੍ਹਦਾ ਸੀ ਪਰ ਉਹ ਫੇਲ ਹੋ ਗਿਆ। ਇਮਤਿਹਾਨ ਪਾਸ ਨਾ ਕਰਨ ਕਾਰਨ ਉਹ ਕਾਲਜ ਤੋਂ ਡਿਗਰੀ ਹਾਸਲ ਨਹੀਂ ਕਰ ਸਕਿਆ। ਉਸ ਨੂੰ ਚੰਗੀ ਇੰਟਰਨਸ਼ਿਪ ਵੀ ਨਹੀਂ ਮਿਲੀ। ਦੱਸਿਆ ਗਿਆ ਹੈ ਕਿ ਮੁਲਜ਼ਮ ਇਸ ਕਾਰਨ ਤਣਾਅ ਵਿੱਚ ਸੀ। ਪੁਲਸ ਨੇ ਕਿਹਾ ਹੈ ਕਿ ਉਹ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਲਈ ਕਾਲਜ ਗਿਆ ਸੀ ਅਤੇ ਗੁੱਸੇ ਵਿੱਚ ਆ ਕੇ ਉਸ ਨੇ ਇਹ ਕਤਲ ਕੀਤੇ।
ਚੀਨ 'ਚ ਫਾਇਰ ਆਰਮਜ਼ 'ਤੇ ਸਖਤ ਕੰਟਰੋਲ ਹੈ, ਫਿਰ ਵੀ ਅਜਿਹੇ ਵੱਡੇ ਹਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਹਫਤੇ ਦੇ ਸ਼ੁਰੂ ਵਿਚ ਇਕ 62 ਸਾਲਾ ਵਿਅਕਤੀ ਨੇ ਦੱਖਣੀ ਸ਼ਹਿਰ ਜ਼ੁਹਾਈ ਵਿਚ ਆਪਣੀ ਕਾਰ ਭੀੜ ਵਿਚ ਚੜ੍ਹਾ ਦਿੱਤੀ, ਜਿਸ ਵਿਚ 35 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਅਕਤੂਬਰ 'ਚ ਸ਼ੰਘਾਈ ਦੇ ਇਕ ਸੁਪਰਮਾਰਕੀਟ 'ਚ ਇਕ ਵਿਅਕਤੀ ਨੇ 20 ਤੋਂ ਜ਼ਿਆਦਾ ਲੋਕਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ 'ਚ ਤਿੰਨ ਲੋਕ ਮਾਰੇ ਗਏ ਸਨ। ਇਸ ਸਾਲ ਸਤੰਬਰ ਵਿੱਚ ਚੀਨ ਦੇ ਸ਼ਹਿਰ ਸ਼ੇਨਜ਼ੇਨ ਵਿੱਚ ਇੱਕ ਸਕੂਲੀ ਵਿਦਿਆਰਥੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।