ਆਰਥਿਕ ਤੰਗੀ ਨਾਲ ਜੂਝ ਰਿਹਾ ਤਾਲਿਬਾਨ ਹੁਣ ਬੁੱਧ ਦੀ ਸ਼ਰਨ ''ਚ, ਇੰਝ ਕਰ ਰਿਹੈ ਕਮਾਈ

Monday, Jun 19, 2023 - 03:42 PM (IST)

ਆਰਥਿਕ ਤੰਗੀ ਨਾਲ ਜੂਝ ਰਿਹਾ ਤਾਲਿਬਾਨ ਹੁਣ ਬੁੱਧ ਦੀ ਸ਼ਰਨ ''ਚ, ਇੰਝ ਕਰ ਰਿਹੈ ਕਮਾਈ

ਇੰਟਰਨੈਸ਼ਨਲ ਡੈਸਕ- ਗਲੋਬਲ ਪਾਬੰਦੀਆਂ ਅਤੇ ਦੁਨੀਆ ਭਰ ਤੋਂ ਮਿਲਣ ਵਾਲੀ ਵਿੱਤੀ ਮਦਦ ਵਿਚ ਕਟੌਤੀ ਕਾਰਨ ਅਫਗਾਨਿਸਤਾਨ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ। ਇਸ ਲਈ ਤਾਲਿਬਾਨ ਹੁਣ ਬੁੱਧ ਦੀਆਂ ਮੂਰਤੀਆਂ ਦੇਖਣ ਲਈ ਟਿਕਟਾਂ ਵੇਚ ਰਿਹਾ ਹੈ, ਜਿਨ੍ਹਾਂ ਨੂੰ 22 ਸਾਲ ਪਹਿਲਾਂ ਤਾਲਿਬਾਨੀ ਅਧਿਕਾਰੀਆਂ ਨੇ ਹੀ ਤਬਾਹ ਕਰ ਦਿੱਤਾ ਸੀ। ਇਹ ਖੁਲਾਸਾ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਵਿੱਚ ਕੀਤਾ ਗਿਆ। ਦੱਸਿਆ ਗਿਆ ਹੈ ਕਿ ਅਫਗਾਨਿਸਤਾਨ ਦੇ ਬਾਮਿਯਾਨ ਖੇਤਰ ਵਿੱਚ ਬੁੱਧ ਦੀਆਂ ਮੂਰਤੀਆਂ ਸੈਰ ਸਪਾਟੇ ਰਾਹੀਂ ਆਮਦਨ ਦਾ ਸਾਧਨ ਬਣ ਰਹੀਆਂ ਹਨ।

ਤਾਲਿਬਾਨ ਦੇ ਸੱਭਿਆਚਾਰ ਮੰਤਰੀ ਅਤੀਕੁੱਲਾ ਅਜ਼ੀਜੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਬਾਮਿਯਾਨ ਅਤੇ ਬੁੱਧ ਸਾਡੀ ਸਰਕਾਰ ਲਈ ਓਨੇ ਹੀ ਮਹੱਤਵਪੂਰਨ ਹਨ ਜਿੰਨੇ ਦੁਨੀਆ ਲਈ ਹਨ। ਉਨ੍ਹਾਂ ਦੀ ਸੁਰੱਖਿਆ ਲਈ ਇਕ ਹਜ਼ਾਰ ਗਾਰਡ ਨਿਯੁਕਤ ਕੀਤੇ ਗਏ ਹਨ। ਉਹ ਇਲਾਕੇ ਵਿੱਚ ਟਿਕਟਾਂ ਦੀ ਨਿਗਰਾਨੀ ਵੀ ਕਰ ਰਹੇ ਹਨ। ਸੂਚਨਾ ਅਤੇ ਸੱਭਿਆਚਾਰਕ ਵਿਭਾਗ ਦੇ ਡਾਇਰੈਕਟਰ ਸੈਫੁਰਰਹਿਮਾਨ ਮੁਹੰਮਦੀ ਨੇ ਕਿਹਾ ਕਿ ਦੋ ਦਹਾਕੇ ਪਹਿਲਾਂ ਵਾਪਰੀ ਘਟਨਾ ਬਾਰੇ ਗੱਲ ਕਰਨ ਦਾ ਕੋਈ ਮਤਲਬ ਨਹੀਂ ਹੈ। ਹੁਣ ਅੱਗੇ ਵਧਣ ਦਾ ਸਮਾਂ ਹੈ।

PunjabKesari

ਬਾਮਿਯਾਨ ਯੂਨੈਸਕੋ ਸਾਈਟ, ਪਿਛਲੇ ਸਾਲ ਪਹੁੰਚੇ 2 ਲੱਖ ਲੋਕ

ਬਾਮਿਯਾਨ ਅਫਗਾਨਿਸਤਾਨ ਦੇ ਸਭ ਤੋਂ ਗਰੀਬ ਸੂਬਿਆਂ ਵਿੱਚੋਂ ਇੱਕ ਹੈ। ਹਿੰਦੂਕੁਸ਼ ਦੀਆਂ ਪਹਾੜੀਆਂ ਦੇ ਵਿਚਕਾਰ ਵੱਸੇ ਬਾਮੀਆਂ ਦੇ ਜ਼ਿਆਦਾਤਰ ਲੋਕ ਸਿਰਫ ਆਲੂ ਦੀ ਖੇਤੀ ਅਤੇ ਕੋਲੇ ਦੀ ਖੋਦਾਈ 'ਤੇ ਨਿਰਭਰ ਕਰਦੇ ਹਨ। 2003 ਵਿੱਚ ਯੂਨੈਸਕੋ ਨੇ ਬਾਮੀਆਂ ਨੂੰ ਇਤਿਹਾਸਕ ਸਥਾਨ ਦਾ ਦਰਜਾ ਦਿੱਤਾ ਸੀ। ਹੁਣ ਬੁੱਧ ਦੀਆਂ ਮੂਰਤੀਆਂ ਦੀ ਖਾਲੀ ਥਾਂ ਦੇ ਸਾਹਮਣੇ ਬੰਦੂਕਧਾਰੀ ਪਹਿਰੇਦਾਰ ਤਾਇਨਾਤ ਹਨ। ਇੱਥੇ ਅਫਗਾਨ ਸੈਲਾਨੀਆਂ ਲਈ 3 ਰੁਪਏ ਅਤੇ ਵਿਦੇਸ਼ੀ ਸੈਲਾਨੀਆਂ ਲਈ 282 ਰੁਪਏ ਦੀ ਟਿਕਟ ਰੱਖੀ ਗਈ ਹੈ। 2015 ਤੋਂ ਇੱਥੇ ਇੱਕ ਲੇਜ਼ਰ ਸ਼ੋਅ ਆਯੋਜਿਤ ਕੀਤਾ ਜਾਂਦਾ ਹੈ। ਪਿਛਲੇ ਸਾਲ 2 ਲੱਖ ਤੋਂ ਵੱਧ ਅਫਗਾਨ ਸੈਲਾਨੀ ਬਾਮਿਯਾਨ ਪਹੁੰਚੇ ਸਨ। ਇਨ੍ਹਾਂ ਵਿੱਚੋਂ ਹਰੇਕ ਵਿਅਕਤੀ ਨੇ ਔਸਤਨ 5,000 ਰੁਪਏ ਖਰਚ ਕੀਤੇ ਸਨ।

ਪੜ੍ਹੋ ਇਹ ਅਹਿਮ ਖ਼ਬਰ-ਯੂਨਾਨੀ ਕਿਸ਼ਤੀ ਹਾਦਸੇ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਮਨੁੱਖੀ ਤਸਕਰੀ ਦੇ 12 ਦੋਸ਼ੀ ਕੀਤੇ ਗ੍ਰਿਫਤਾਰ

ਮੌਜੂਦਾ ਸਰਕਾਰ ਖ਼ੁਦ ਨੂੰ ਦੱਸਣਾ ਚਾਹੁੰਦੀ ਹੈ ਉਦਾਰਵਾਦੀ

ਅਫਗਾਨਿਸਤਾਨ ਦੀ ਮੌਜੂਦਾ ਤਾਲਿਬਾਨ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਤੋਂ ਹੀ ਬਾਮਿਯਾਨ ਦੇ ਵਿਕਾਸ ਵਿੱਚ ਲੱਗੀ ਹੋਈ ਹੈ। ਮੌਜੂਦਾ ਸਰਕਾਰ ਇਹ ਦਿਖਾਉਣਾ ਚਾਹੁੰਦੀ ਹੈ ਕਿ ਉਹ ਪੁਰਾਣੇ ਤਾਲਿਬਾਨ ਨਾਲੋਂ ਜ਼ਿਆਦਾ ਨਰਮ ਹਨ। ਬਾਮੀਆਂ ਵਿਚ ਕਈ ਥਾਵਾਂ 'ਤੇ ਲਿਖਿਆ ਹੈ ਕਿ 'ਅੱਤਵਾਦੀ ਤਾਲਿਬਾਨ ਗਰੁੱਪ' ਨੇ ਬੁੱਧ ਦੀਆਂ ਮੂਰਤੀਆਂ ਤੋੜ ਦਿੱਤੀਆਂ ਹਨ। ਉਂਝ ‘ਅੱਤਵਾਦੀ’ ਸ਼ਬਦ ਨੂੰ ਹਰ ਥਾਂ ਰਗੜ ਦਿੱਤਾ ਗਿਆ ਹੈ। ਵਿਸ਼ਵ ਵਿਰਾਸਤ ਦਾ ਦਰਜਾ ਮਿਲਣ ਤੋਂ ਬਾਅਦ ਵੀ ਬਾਮੀਆਂ ਵਿੱਚ ਸੁਰੱਖਿਆ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਹਨ। ਬਾਮੀਆਂ ਦੀਆਂ ਪਹਾੜੀਆਂ 'ਚ ਕਈ ਥਾਵਾਂ 'ਤੇ ਲੋਕ ਗੈਰ-ਕਾਨੂੰਨੀ ਢੰਗ ਨਾਲ ਰਹਿਣ ਲੱਗ ਪਏ ਹਨ। ਇੱਥੋਂ ਦੇ ਇਤਿਹਾਸ ਨਾਲ ਸਬੰਧਤ ਕਈ ਕਲਾਕ੍ਰਿਤੀਆਂ ਦੀ ਤਸਕਰੀ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਬਾਮੀਆਂ ਦੀਆਂ ਪਹਾੜੀਆਂ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਵੀ ਵਿਸ਼ਵ ਵਿਰਾਸਤ ਲਈ ਖਤਰਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News