ਇਟਲੀ ''ਚ ਸਿੱਖ ਧਰਮ ਨੂੰ ਰਜਿਸਟਰਡ ਕਰਾਉਣ ਲਈ ਜਦੋਜਹਿਦ ਜਾਰੀ ਪਰ...
Sunday, Mar 30, 2025 - 12:06 PM (IST)

ਰੋਮ (ਦਲਵੀਰ ਸਿੰਘ ਕੈਂਥ)- ਯੂਰਪ ਦਾ ਸਮਾਂ ਬੇਸ਼ੱਕ ਸਾਲ ਵਿੱਚ 2 ਵਾਰ ਬਦਲਦਾ ਹੈ ਤੇ ਇਟਲੀ ਵਿੱਚ ਸਮਾਂ ਬਦਲਣ ਦੀ ਪ੍ਰਕ੍ਰਿਆ ਨਾਲ ਸਰਕਾਰ ਨੂੰ ਲੱਖਾਂ ਯੂਰੋ ਦਾ ਫਾਇਦਾ ਵੀ ਹੁੰਦਾ ਹੈ ਪਰ ਅਫ਼ਸੋਸ ਇੱਥੇ ਰਹਿਣ ਬਸੇਰਾ ਕਰਦੀ ਸਿੱਖ ਸੰਗਤ ਦਾ ਸਮਾਂ ਆਖ਼ਿਰ ਕਿਉਂ ਨਹੀਂ ਬਦਲ ਰਿਹਾ। ਜਦੋਂ ਕਿ ਇੱਥੇ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਸਾਲ ਵਿੱਚ ਅਨੇਕਾਂ ਨਗਰ ਕੀਰਤਨ ਤੇ ਹੋਰ ਵਿਸ਼ਾਲ ਧਾਰਮਿਕ ਸਮਾਗਮ ਪੂਰੀ ਸ਼ਾਨੋ ਸ਼ੌਕਤ ਨਾਲ ਸਜਾਏ ਜਾਂਦੇ ਹਨ ਜਿਨ੍ਹਾਂ 'ਤੇ ਸੰਗਤ ਦੇ ਲੱਖਾਂ ਯੂਰੋ ਖਰਚ ਹੁੰਦੇ ਹਨ। ਫਿਰ ਆਖਿਰ ਉਹ ਕਿਹੜੇ ਕਾਰਨ ਹਨ ਜਿਹੜੇ ਕਿ ਮਹਾਨ ਸਿੱਖ ਧਰਮ ਨੂੰ ਇਟਲੀ ਵਿੱਚ ਰਜਿਸਟਰਡ ਨਹੀਂ ਹੋਣ ਦਿੰਦੇ। ਕਿਉਂ ਅੱਜ ਵੀ ਇਟਲੀ ਵਿੱਚ ਗੁਰੂ ਦਾ ਸਿੱਖ ਮਹਾਨ ਸਿੱਖ ਧਰਮ ਦੇ ਗੌਰਵਮਈ 5 ਕਕਾਰਾਂ ਖਾਸਕਰ ਦਸਤਾਰ ਤੇ ਸਿਰੀ ਸਾਹਿਬ ਕਾਰਨ ਇਟਲੀ ਦੇ ਕਈ ਸੂਬਿਆਂ ਵਿੱਚ ਸਥਾਨਕ ਪ੍ਰਸ਼ਾਸ਼ਨ ਦੀ ਬੇਰੁੱਖੀ ਦਾ ਸ਼ਿਕਾਰ ਹੋ ਰਿਹਾ ਹੈ ਜਦੋਂ ਕਿ ਯੂਰਪ ਵਿੱਚ ਸਿੱਖਾਂ ਦੀ ਗਿਣਤੀ ਯੂ.ਕੇ ਤੋਂ ਬਾਅਦ ਸਭ ਤੋਂ ਵੱਧ ਹੈ।
ਇਟਲੀ ਵਿੱਚ ਜਿੱਥੇ ਕਿ 70-80 ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਸਿੱਖ ਧਰਮ ਦੀ ਚੜ੍ਹਦੀ ਕਲਾ ਦੇ ਕਾਰਜਾਂ ਵਿੱਚ ਸਾਲ ਦੇ 12 ਮਹੀਨੇ ਹੀ ਵਿਅਸਤ ਰਹਿੰਦੀਆਂ ਹਨ। 70 ਦੇ ਦਹਾਕੇ ਵਿੱਚ ਇਟਲੀ ਆਕੇ ਸਿੱਖ ਸਮਾਜ ਦੇ ਲੋਕਾਂ ਨੇ ਆਪਣੇ ਧਰਮ ਨੂੰ ਇਟਲੀ ਵਿੱਚ ਸਥਾਪਿਤ ਕਰਨ ਲਈ ਝੰਡੇ ਗੱਡਣੇ ਸ਼ੁਰੂ ਕਰ ਦਿੱਤੇ ਸਨ ਤੇ ਹੌਲੀ-ਹੌਲੀ ਗੁਰਦੁਆਰਾ ਸਾਹਿਬ ਦੀਸਥਾਪਨਾ ਕੀਤੀ। ਇਟਲੀ ਦੇ ਸਿੱਖਾਂ ਰਲ-ਮਿਲ 2000 ਦੇ ਦਹਾਕੇ ਵਿੱਚ ਕੌਮੀ ਸਿੱਖ ਸੰਸਥਾ ਬਣਾਈ, ਜਿਸ ਨੇ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਨ ਦਾ ਬੀੜਾ ਚੁਕਿਆ ਪਰ ਅਫ਼ਸੋਸ ਸਿੱਖ ਆਗੂਆਂ ਵੱਲੋਂ ਕਈ ਸਾਲਾਂ ਦੀ ਜੱਦੋ-ਜਹਿਦ ਤੇ ਸੰਗਤ ਦੇ ਹਜ਼ਾਰਾਂ ਯੂਰੋ ਪਾਣੀ ਵਾਂਗਰ ਵਕੀਲਾਂ ਮਗਰ ਵਹਾਉਣ 'ਤੇ ਵੀ ਸਿੱਖ ਧਰਮ ਨੂੰ ਇਟਲੀ ਵਿੱਚ ਰਜਿਸਟਰਡ ਕਰਵਾਉਣ ਦਾ ਕੇਸ ਇਸ ਤਰ੍ਹਾਂ ਦਰਬਾਰ ਤੋਂ ਬੇਰੰਗ ਮੌੜ ਦਿੱਤਾ ਜਿਵੇਂ ਇਟਲੀ ਵਿੱਚ ਸਿੱਖ, ਧਰਮ ਨਹੀਂ ਸਗੋਂ ਤਾਲਿਬਾਨੀ ਹਕੂਮਤ ਕਾਇਮ ਕਰਨੀ ਚਾਹੁੰਦੇ ਹੋਣ।
ਪੜ੍ਹੋ ਇਹ ਅਹਿਮ ਖ਼ਬਰ-ਜਲ੍ਹਿਆਂਵਾਲਾ ਬਾਗ ਕਤਲੇਆਮ ਬਾਰੇ ਬ੍ਰਿਟਿਸ਼ ਸਰਕਾਰ ਭਾਰਤੀ ਲੋਕਾਂ ਕੋਲੋਂ ਮੁਆਫ਼ੀ ਮੰਗੇ: ਬੌਬ ਬਲੈਕਮੈਨ
ਕਾਸ਼ ਧਰਮ ਰਜਿਸਟਰਡ ਦੇ ਮਾਮਲੇ ਦੀ ਡੂੰਘਾਈ ਨੂੰ ਭਾਪਦਿਆਂ ਸਾਡੇ ਸਿਆਣੇ ਸਿੱਖ ਆਗੂ ਕਿਸੇ ਚੰਗੇ ਤਜਰਬੇਕਾਰ ਕਾਨੂੰਨ ਦੇ ਮਾਹਿਰ ਸਿਆਣੇ ਨਾਲ ਵਿਚਾਰ-ਵਟਾਂਦਰਾ ਕਰ ਧਰਮ ਰਜਿਸਟਰਡ ਕਰਵਾਉਣ ਦਾ ਕੇਸ ਲੈ ਤੁਰਦੇ ਤਾਂ ਸ਼ਾਇਦ ਇਹ ਮਿਸ਼ਨ ਜਿੱਤ ਕੇ ਮੁੜਦੇ ਪਰ ਇਨ੍ਹਾਂ ਉਲਝੇ ਆਗੂਆਂ ਨੇ ਤਾਂ ਕੇਸ ਹਾਰਨ ਬਾਅਦ ਵੀ ਕਾਫ਼ੀ ਸਮਾਂ ਸੰਗਤ ਵਿੱਚ ਭਾਫ਼ ਨਹੀਂ ਕੱਢੀ ਕਿ ਉਹ ਕੇਸ ਹਾਰ ਗਏ ਹਨ। ਸਿੱਖ ਸੰਗਤ ਨੂੰ ਚੁਣੇ ਸਿੱਖ ਆਗੂਆਂ ਤੋਂ ਕਾਫ਼ੀ ਉਮੀਦਾਂ ਸਨ ਪਰ ਇਨ੍ਹਾਂ ਆਗੂਆਂ ਨੇ ਸਰਕਾਰ ਵੱਲੋਂ ਲੱਗੇ ਪ੍ਰਸ਼ਨਾਂ ਨੂੰ ਜਨਤਕ ਕਰਨ ਤੋਂ ਲੰਬਾ ਸਮਾਂ ਪਾਸਾ ਵੱਟੀ ਰੱਖਿਆ ਜਿਸ ਕਾਰਨ ਸੰਗਤਾਂ ਅੰਦਰ ਬਹੁਤ ਨਿਰਾਸ਼ਾ ਦੇਖਣ ਨੂੰ ਮਿਲੀ ਤੇ ਅੱਕੇ ਕਈ ਹੋਰ ਸਿੱਖ ਆਗੂਆਂ ਨੇ ਨਵੀਂ ਸੰਸਥਾ ਖੜ੍ਹੀ ਕਰ ਫਿਰ ਸਿੱਖ ਧਰਮ ਨੂੰ ਰਜਿਸਟਰਡ ਕਰਨ ਦਾ ਕੇਸ ਲਗਾ ਦਿੱਤਾ ਪਰ ਇਸ ਵਾਰ ਹਾਲਾਤ ਥੋੜੇ ਸੰਜੀਦਾ ਹੋ ਗਏ ਤੇ ਇਟਲੀ ਦੀ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਇੱਕ ਝੰਡੇ ਹੇਠ ਲਾਮਬੰਦ ਹੋਕੇ ਆਉਣ ਲਈ ਕਹਿ ਦਿੱਤਾ।
ਹੁਣ ਜੇਕਰ ਸਿੱਖੀ ਸਿਧਾਂਤ, ਸਿੱਖ ਫਲਸਫ਼ੇ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਬਾਣੀ ਦੇ ਓਟ ਆਸਰੇ ਕਿਸੇ ਫ਼ੈਸਲਾ ਲੈਣਾ ਹੁੰਦਾ ਤਾਂ ਗੱਲ ਮਿੰਟੋ-ਮਿੰਟੀ ਮੁੱਕ ਜਾਂਦੀ ਪਰ ਇੱਥੇ ਗੱਲ ਗੁਰੂ ਦੀ ਨਹੀਂ ਸਗੋਂ ਗਰੂਰ ਦੀ ਹੈ ਜਿਹੜਾ ਤਾਂ ਕੁਝ ਸਿੱਖ ਆਗੂਆਂ ਵਿੱਚ ਕੁੱਟ-ਕੁੱਟ ਕਿ ਭਰਿਆ ਲੱਗਦਾ। ਦੂਜੀ ਬਣੀ ਸਿੱਖ ਸੰਸਥਾ ਨੇ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਕਮਰ ਕੱਸੀ ਤੇ ਕਿਹਾ ਉਹ ਸਰਕਾਰੇ-ਦਰਬਾਰੇ ਹੋਈ ਹਰ ਗੱਲ ਨੂੰ ਸੰਗਤ ਵਿੱਚ ਰੱਖਣਗੇ ਪਰ ਇਹ ਸੰਸਥਾ ਵੀ ਪੰਜਾਬ ਦੀ ਆਪ ਸਰਕਾਰ ਵਾਂਗਰ ਆਪਣੇ ਵਾਦਿਆਂ 'ਤੇ ਸੰਗਤ ਲਈ ਖ੍ਹਰੀ ਨਾ ਉੱਤਰ ਸਕੀ ਜਿਸ ਕਾਰਨ ਸੰਗਤ ਨੇ ਫਿਰ ਪਹਿਲੀ ਸੰਸਥਾ ਦਾ ਨਵੇਂ ਨਾਮ ਨਾਲ ਪੁਨਰ ਗਠਿਨ ਕਰ ਦਿੱਤਾ ਤੇ ਲਗਾ ਦਿੱਤਾ ਸਿੱਖ ਧਰਮ ਨੂੰ ਰਜਿਸਟਰਡ ਕਰਨ ਦਾ ਤੀਜੀ ਵਾਰ ਕੇਸ, ਜਿਹੜਾ ਕਿ ਹਾਲੇ ਜਾਂਚ ਅਧੀਨ ਹੈ। ਹੁਣ ਸਵਾਲ ਪੈਦਾ ਇਹ ਹੋ ਰਿਹਾ ਕਿ ਜਦੋਂ ਸਿੱਖ ਧਰਮ ਰਜਿਸਟਰਡ ਕਰਵਾਉਣਾ ਗੁਰੂ ਦਾ ਕਾਰਜ ਇੱਕ ਹੈ ਫਿਰ ਕਿਉਂ ਇਨ੍ਹਾਂ ਸਿਆਣੇ ਲੀਡਰਾਂ ਨੇ ਸੰਗਤ ਦਾ ਦੋਹਰਾ ਖਰਚ ਕਰਵਾਉਣਾ ਸ਼ੁਰੂ ਕੀਤਾ ਹੋਇਆ ਹੈ।ਕਿਉਂ ਨਹੀ ਇਹ ਸਿੱਖ ਆਗੂ ਆਪਣੀ ਹਿਉਮੈ ਦਾ ਪੱਲਾ ਛੱਡਕੇ ਗੁਰੂ ਦਾ ਕਾਰਜ ਕਰਨ ਲਈ ਪੂਰਨ ਤੌਰ 'ਤੇ ਸਿੱਖੀ ਦਾ ਪੱਲਾ ਫੜ੍ਹਦੇ ਹਨ ਜਿਸ ਨਾਲ ਇਟਲੀ ਦੇ ਸਿੱਖ ਸਮਾਜ ਦਾ ਸਮਾਂ ਬਦਲ ਸਕਦਾ ਹੈ। ਧਰਮ ਰਜਿਸਟਰਡ ਸੰਬਧੀ ਕੇਸ ਲੜ ਰਹੇ ਇਨ੍ਹਾਂ ਸਿੱਖ ਆਗੂਆਂ ਵੱਲੋਂ ਸਵਾਲ ਪੁੱਛਣ ਵਾਲੇ ਮੀਡੀਏ ਦੇ ਨੁਮਾਇੰਦਿਆਂ 'ਤੇ ਇਹ ਲੱਖ ਸਿੱਖੀ ਵਿਰੋਧੀ ਹੋਣ ਦੇ ਫੱਤਵੇ ਲਗਾ ਦਿੰਦੇ ਹਨ ਪਰ ਇਹ ਸਿੱਖ ਆਗੂ ਆਪ ਸਿੱਖੀ ਵਿੱਚ ਕਿੰਨਾ ਪਰਪੱਖ ਹਨ ਇਸ ਨੂੰ ਪ੍ਰਮਾਣਿਤ ਕਰਨ ਲਈ ਇਟਲੀ ਦੀ ਹਜ਼ਾਰਾਂ ਸਿੱਖ ਸੰਗਤ ਦੀਆਂ ਉਮੀਦਾਂ 'ਤੇ ਖਰ੍ਹਾਂ ਉਤਰਣ ਲਈ ਕਾਰਵਾਈ ਨੂੰ ਅੰਜਾਮ ਦੇਣ ਨਾਂਕਿ ਸਿਰਫ਼ ਕਾਗਜ਼ੀ ਬਿਆਨਾਂ ਨਾਲ ਜੰਗ ਜਿੱਤਣ ਦੇ ਸੁਪਨੇ ਦੇਖਣ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਇਟਲੀ ਦੀ ਸਿੱਖ ਸੰਗਤ ਦਾ ਸਮਾਂ ਬਦਲੇ ਚਾਹੇ ਨਾ ਬਦਲੇ ਪਰ ਉਨ੍ਹਾਂ ਅਜਿਹੇ ਤਮਾਮ ਸਿੱਖ ਆਗੂਆਂ ਦਾ ਸਮਾਂ ਜ਼ਰੂਰ ਬਦਲ ਦੇਣਾ ਜਿਹੜੇ ਕਿ ਸੰਗਤ ਨੂੰ ਗੁੰਮਰਾਹ ਕਰਨ ਦੇ ਸਿਵਾਏ ਕੁਝ ਨਹੀਂ ਕਰ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।