ਇਟਲੀ ''ਚ ਤੂਫਾਨ ਦਾ, ਸਪੇਨ ਤੇ ਫਰਾਂਸ ''ਚ ਕੋਰੋਨਾ ਦਾ ਕਹਿਰ ਜਾਰੀ

10/05/2020 2:40:10 AM

ਰੋਮ - ਇਟਲੀ ਵਿਚ ਸ਼ੁੱਕਰਵਾਰ ਨੂੰ ਆਏ ਤੂਫਾਨ ਅਤੇ ਮੀਂਹ ਨਾਲ ਲੱਖਾਂ ਲੋਕ ਪ੍ਰਭਾਵਿਤ ਹਨ। ਦੇਸ਼ ਦੇ ਉੱਤਰ-ਪੱਛਮ ਹਿੱਸੇ ਵਿਚ ਐਤਵਾਰ ਨੂੰ ਘਟੋਂ-ਘੱਟ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਸ਼ੰਕਾ ਜਤਾਈ ਜਾ ਰਹੀ ਹੈ ਕਿ ਤੇਜ਼ ਮੀਂਹ ਵਿਚ ਕਈ ਲਾਸ਼ਾਂ ਵਹਿ ਕੇ ਫਰਾਂਸ ਦੇ ਇਲਾਕੇ ਵਿਚ ਪਹੁੰਚ ਗਈਆਂ ਹੋਣ। ਇਟਲੀ ਦਾ ਤੂਫਾਨ ਪ੍ਰਭਾਵਿਤ ਇਹ ਖੇਤਰ ਫਰਾਂਸ ਦੀ ਸਰਹੱਦ ਨਾਲ ਲੱਗਾ ਹੋਇਆ ਹੈ। ਇਟਲੀ ਦੇ ਰਾਹਤ ਅਤੇ ਬਚਾਅ ਦਲ ਦਾ ਆਖਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਅਜੇ ਹੋਰ ਵਧ ਸਕਦੀ ਹੈ।

ਐਤਵਾਰ ਨੂੰ ਮਿਲੀਆਂ 5 ਲਾਸ਼ਾਂ
ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਵੀ 2 ਲੋਕਾਂ ਦੀ ਮੌਤ ਹੋਈ ਸੀ, ਜਦਕਿ 9 ਤੋਂ ਜ਼ਿਆਦਾ ਤੇਜ਼ ਮੀਂਹ ਤੋਂ ਬਾਅਦ ਲਾਪਤਾ ਹੋ ਗਏ ਹਨ। ਦੱਸ ਦਈਏ ਕਿ ਇਸ ਤੂਫਾਨ ਨੇ ਸ਼ੁੱਕਰਵਾਰ ਨੂੰ ਇਟਲੀ ਅਤੇ ਫਰਾਂਸ ਦੇ ਸਰਹੱਦੀ ਇਲਾਕਿਆਂ ਵਿਚ ਜਮ ਕੇ ਤਬਾਹੀ ਮਚਾਈ ਸੀ। ਪੁਲਸ ਨੇ ਦੱਸਿਆ ਕਿ 4 ਲਾਸ਼ਾਂ ਨੂੰ ਵੈਂਟੀਮਿਗਲੀਆ ਅਤੇ ਸੈਂਟੋ ਸਟੇਫਾਨੋ ਅਲ ਮਾਰੇ ਦੇ ਸਰਹੱਦੀ ਤੱਟਾਂ ਕੋਲ ਪਾਇਆ ਗਿਆ। ਜਦਕਿ, 5ਵੀਂ ਲਾਸ਼ ਇਕ ਨਦੀ ਦੀ ਧਾਰਾ ਦੇ ਕੰਢੇ ਮਿਲੀ। ਲਾਸ਼ਾਂ ਵਿਚੋਂ ਕਿਸੇ ਦੀ ਵੀ ਤੁਰੰਤ ਪਛਾਣ ਨਾ ਹੋ ਸਕੀ।

PunjabKesari

ਇਟਲੀ ਵਿਚ ਲੱਖਾਂ ਯੂਰੋ ਦਾ ਨੁਕਸਾਨ
ਤੂਫਾਨ ਅਤੇ ਤੇਜ਼ ਮੀਂਹ ਕਾਰਨ ਇਟਲੀ ਵਿਚ ਲੱਖਾਂ ਯੂਰੋ ਦਾ ਨੁਕਸਾਨ ਹੋਇਆ ਹੈ। ਕਈ ਸੜਕਾਂ ਅਤੇ ਪੁਲ ਤੇਜ਼ ਮੀਂਹ ਵਿਚ ਵਹਿ ਗਏ ਹਨ। ਜਦਕਿ ਕੁਝ ਸ਼ਹਿਰਾਂ ਵਿਚ ਚਿੱਕੜ, ਮਲਬੇ ਅਤੇ ਕਾਰਾਂ ਦਾ ਢੇਰ ਲੱਗਾ ਹੋਇਆ ਹੈ। ਸ਼ਹਿਰਾਂ ਵਿਚ ਸਾਫ ਸਫਾਈ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਮਲਬੇ ਕਾਰਨ ਜਾਮ ਹੋਏ ਰਸਤਿਆਂ ਨੂੰ ਵੀ ਖੋਲ੍ਹਿਆ ਜਾ ਰਿਹਾ ਹੈ।

ਯੂਰਪ ਦੇ ਮੁਲਕ ਸਪੇਨ ਵਿਚ ਕੋਰੋਨਾ ਦੇ ਮਾਮਲੇ ਵਧਣ 'ਤੇ ਰਾਜਧਾਨੀ ਮੈਡ੍ਰਿਡ ਵਿਚ ਪਾਬੰਦੀਆਂ ਸਖਤ ਕਰ ਦਿੱਤੀਆਂ ਗਈਆਂ ਹਨ। ਨਵੇਂ ਨਿਯਮਾਂ ਮੁਤਾਬਕ, ਬਾਰ ਅਤੇ ਰੈਸਤਰਾਂ ਵਿਚ ਪਹਿਲਾਂ ਦੇ ਮੁਕਾਬਲੇ ਹੁਣ 50 ਫੀਸਦੀ ਘੱਟ ਲੋਕਾਂ ਨੂੰ ਹੀ ਸੇਵਾਵਾਂ ਦਿੱਤੀਆਂ ਜਾ ਸਕਣਗੀਆਂ। ਸਪੇਨ ਦੇ ਗੁਆਂਢੀ ਮੁਲਕ ਫਰਾਂਸ ਵਿਚ ਹੀ ਬੀਤੇ 24 ਘੰਟਿਆਂ ਵਿਚ 16 ਹਜ਼ਾਰ 972 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਦੇਸ਼ ਵਿਚ ਇਕ ਦਿਨ ਵਿਚ ਸਾਹਮਣੇ ਆਏ ਸਭ ਤੋਂ ਜ਼ਿਆਦਾ ਮਾਮਲੇ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੇਸ਼ ਵਿਚ 12 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ। ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਣ ਦੇ ਨਾਲ ਹੀ ਰਾਜਧਾਨੀ ਪੈਰਿਸ ਸਮੇਤ ਕਈ ਸ਼ਹਿਰਾਂ ਵਿਚ ਸਖਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਹੁਣ ਤੱਕ ਫਰਾਂਸ ਵਿਚ 6 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ ਅਤੇ 32 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।


Khushdeep Jassi

Content Editor

Related News