ਇਮਰਾਨ ਨੇ ਜ਼ਕਰਬਰਗ ਨੂੰ ਚਿੱਠੀ ਲਿਖ ਕੇ ਕਿਹਾ, 'ਫੇਸਬੁੱਕ 'ਤੇ ਇਸਲਾਮੋਫੋਬੀਆ ਕੰਟੈਂਟ ਨੂੰ ਰੋਕੋ'
Tuesday, Oct 27, 2020 - 02:27 AM (IST)
ਇਸਲਾਮਾਬਾਦ - ਪਾਕਿਸਤਾਨ ਵਿਚ ਕਈ ਮੁਸ਼ਕਿਲਾਂ ਨਾਲ ਘਿਰੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪ੍ਰਸਿੱਧੀ ਬਣਾਏ ਰੱਖਣ ਲਈ ਹੁਣ ਇਸਲਾਮੋਫੋਬੀਆ ਦਾ ਸਹਾਰਾ ਲਿਆ ਹੈ। ਉਨ੍ਹਾਂ ਨੇ ਇਸਲਾਮ ਦੇ ਪ੍ਰਤੀ ਨਫਰਤ ਦਾ ਮੁੱਦਾ ਬਣਾ ਕੇ ਫੇਸਬੁੱਕ ਦੇ ਸੀ. ਈ. ਓ. ਮਾਰਕ ਜ਼ਕਰਬਰਗ ਨੂੰ ਇਕ ਚਿੱਠੀ ਲਿਖੀ ਹੈ। ਇਸ ਵਿਚ ਉਨ੍ਹਾਂ ਨੇ ਫੇਸਬੁੱਕ ਤੋਂ ਇਸਲਾਮੋਫੋਬੀਆ ਨਾਲ ਜੁੜੀਆਂ ਪੋਸਟ ਹਟਾਉਣ ਦੀ ਮੰਗ ਕੀਤੀ ਹੈ।
ਫੇਸਬੁੱਕ ਨੇ ਬੀਤੀ 12 ਅਕਤੂਬਰ ਨੂੰ ਯੂਰਪ ਵਿਚ ਯਹੂਦੀ ਕਤਲੇਆਮ ਨਾਲ ਜੁੜੇ ਝੂਠ ਫੈਲਾਉਣ ਵਾਲੀਆਂ ਪੋਸਟਾਂ ਹਟਾਉਣ ਦਾ ਫੈਸਲਾ ਲਿਆ। 1940 ਵਿਚ ਹੋਏ ਕਤਲੇਆਮ ਨੂੰ ਹੋਲੋਕਾਸਟ ਕਿਹਾ ਜਾਂਦਾ ਹੈ। ਉਦੋਂ ਜਰਮਨ ਫੌਜ ਨੇ ਕਰੀਬ 60 ਲੱਖ ਯਹੂਦੀ ਨਾਗਰਿਕਾਂ ਨੂੰ ਮਾਰ ਦਿੱਤਾ ਸੀ। ਇਸ ਬਾਰੇ ਵਿਚ ਇੰਟਰਨੈੱਟ 'ਤੇ ਕਈ ਗਲਤ ਗੱਲਾਂ ਮੌਜੂਦ ਹਨ। ਇਨ੍ਹਾਂ ਕਾਰਨ ਕਈ ਲੋਕ ਤਾਂ ਇਹ ਵੀ ਮੰਨਣ ਲੱਗੇ ਹਨ ਕਿ ਇਹ ਕਤਲੇਆਮ ਹੋਇਆ ਹੀ ਨਹੀਂ। ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਹੈ। ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਤੋਂ ਕੁਝ ਹਫਤੇ ਪਹਿਲਾਂ ਹੀ ਫੇਸਬੁੱਕ ਨੇ ਅਜਿਹੀਆਂ ਪੋਸਟ ਡਿਲੀਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
ਯੂ. ਐੱਨ. ਵਿਚ ਦਿੱਤੇ ਭਾਸ਼ਣ ਵਿਚ ਵੀ ਚੁੱਕਿਆ ਸੀ ਮੁੱਦਾ
ਪਹਿਲਾਂ ਹੀ ਇਮਰਾਨ ਖਾਨ ਕਈ ਵਾਰ ਇਸਲਾਮ ਦੇ ਪ੍ਰਤੀ ਨਫਰਤ ਅਤੇ ਹੋਲੋਕਾਸਟ ਦੀ ਤੁਲਨਾ ਕਰ ਚੁੱਕੇ ਹਨ। ਪਿਛਲੇ ਸਾਲ ਯੂਨਾਈਟੇਡ ਨੇਸ਼ੰਸ ਦੀ ਮਹਾਸਭਾ ਵਿਚ ਭਾਸ਼ਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਵੈਸਟਰਨ ਸੋਸਾਇਟੀ ਵਿਚ ਹੋਲੋਕਾਸਟ ਨਾਲ ਜੁੜੀਆਂ ਘਟਨਾਵਾਂ ਦੇ ਨਾਲ ਸੰਵੇਦਨਾ ਵਾਲੀ ਵਿਹਾਰ ਕੀਤਾ ਜਾਂਦਾ ਹੈ, ਕਿਉਂਕਿ ਇਹ ਯਹੂਦੀ ਭਾਈਚਾਰੇ ਨਾਲ ਜੁੜਿਆ ਹੈ। ਇਸ ਤਰ੍ਹਾਂ ਦਾ ਵਿਹਾਰ ਅਸੀਂ ਵੀ ਚਾਹੁੰਦੇ ਹਾਂ ਕਿ ਗਲਤ ਢੰਗ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ।