ਇੰਡੋਨੇਸ਼ੀਆ 'ਚ ਫੁੱਟਬਾਲ ਮੈਚ ਦੌਰਾਨ ਮਚੀ ਭੱਜਦੌੜ, ਹੁਣ ਤੱਕ 174 ਮੌਤਾਂ (ਤਸਵੀਰਾਂ)

Sunday, Oct 02, 2022 - 02:00 PM (IST)

ਇੰਡੋਨੇਸ਼ੀਆ 'ਚ ਫੁੱਟਬਾਲ ਮੈਚ ਦੌਰਾਨ ਮਚੀ ਭੱਜਦੌੜ, ਹੁਣ ਤੱਕ 174 ਮੌਤਾਂ (ਤਸਵੀਰਾਂ)

ਮਲੰਗ (ਭਾਸ਼ਾ)- ਇੰਡੋਨੇਸ਼ੀਆ ਵਿੱਚ ਸ਼ਨੀਵਾਰ ਨੂੰ ਇੱਕ ਫੁੱਟਬਾਲ ਮੈਚ ਦੌਰਾਨ ਮਚੀ ਭੱਜਦੌੜ ਵਿੱਚ ਮਰਨ ਵਾਲਿਆਂ ਦੀ ਗਿਣਤੀ  ਵੱਧ ਕੇ 174 ਹੋ ਗਈ ਹੈ। ਭੀੜ ਨੂੰ ਖਿੰਡਾਉਣ ਲਈ ਪੁਲਸ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡਣ ਤੋਂ ਬਾਅਦ ਮਚੀ ਭੱਜਦੌੜ ਵਿੱਚ ਜ਼ਿਆਦਾਤਰ ਲੋਕਾਂ ਦੀ ਮੌਤ ਹੋ ਗਈ। ਪੂਰਬੀ ਜਾਵਾ ਸੂਬੇ ਦੇ ਮਲੰਗ ਸ਼ਹਿਰ ਦੇ ਕੰਜੂਰੂਹਾਨ ਸਟੇਡੀਅਮ ਦੇ ਅੰਦਰ ਦੋ ਫੁੱਟਬਾਲ ਟੀਮਾਂ ਦੇ ਸਮਰਥਕਾਂ ਵਿਚਕਾਰ ਉਦੋਂ ਝੜਪ ਸ਼ੁਰੂ ਹੋ ਗਈ, ਜਦੋਂ ਇੰਡੋਨੇਸ਼ੀਆਈ ਪ੍ਰੀਮੀਅਰ ਲੀਗ ਦੇ ਮੈਚ ਵਿੱਚ ਪਰਸੇਬਾਯਾ ਸੁਰਾਬਾਇਆ ਨੇ ਅਰੇਮਾ ਮਲੰਗ ਨੂੰ 3-2 ਨਾਲ ਹਰਾਇਆ। 

ਪੂਰਬੀ ਜਾਵਾ ਦੇ ਡਿਪਟੀ ਗਵਰਨਰ ਏਮਿਲ ਦੁਰਡਾਕ ਨੇ ਐਤਵਾਰ ਨੂੰ ਕੋਂਪਾਸ ਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 174 ਹੋ ਗਈ ਹੈ। ਇਸ ਦੇ ਨਾਲ ਹੀ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਅੱਠ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 11 ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

PunjabKesari

ਦਿੱਤੇ ਗਏ ਜਾਂਚ ਦੇ ਆਦੇਸ਼

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਐਤਵਾਰ ਨੂੰ ਫੁੱਟਬਾਲ ਮੈਚ ਤੋਂ ਬਾਅਦ ਸਟੇਡੀਅਮ 'ਚ ਮਚੀ ਭੱਜਦੌੜ ਦੀ ਪੁਲਸ ਜਾਂਚ ਦੇ ਹੁਕਮ ਦਿੱਤੇ ਹਨ। ਭੱਜਦੌੜ ਅਤੇ ਹਿੰਸਾ 'ਚ ਘੱਟੋ-ਘੱਟ 174 ਲੋਕ ਮਾਰੇ ਗਏ ਅਤੇ 180 ਹੋਰ ਜ਼ਖਮੀ ਹੋ ਗਏ। ਵਿਡੋਡੋ ਨੇ ਪ੍ਰੈਸ ਕਾਨਫਰੰਸ ਨੂੰ ਦੱਸਿਆ ਕਿ ਮੈਂ ਪੁਲਸ ਨੂੰ ਫੁਟਬਾਲ ਮੈਚਾਂ ਲਈ ਸੁਰੱਖਿਆ ਪ੍ਰਕਿਰਿਆਵਾਂ ਦਾ ਚੰਗੀ ਤਰ੍ਹਾਂ ਮੁਲਾਂਕਣ ਕਰਨ ਦਾ ਹੁਕਮ ਵੀ ਦਿੱਤਾ ਹੈ। ਉਨ੍ਹਾਂ ਨੇ ਇੰਡੋਨੇਸ਼ੀਆ ਫੁਟਬਾਲ ਐਸੋਸੀਏਸ਼ਨ ਨੂੰ ਦੱਖਣ-ਪੂਰਬੀ ਏਸ਼ੀਆਈ ਮੁਲਕ ਵਿੱਚ ਹੋਣ ਵਾਲੇ ਸਾਰੇ ਫੁਟਬਾਲ ਮੈਚਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ ਜਦੋਂ ਤੱਕ ਸਬੰਧਤ ਜਾਂਚ ਨਹੀਂ ਹੋ ਜਾਂਦੀ। ਪੂਰਾ ਕੀਤਾ। 

PunjabKesari

ਸਟੇਡੀਅਮ 'ਚ ਫੁੱਟਬਾਲ ਮੈਚ ਤੋਂ ਬਾਅਦ ਮਚੀ ਭੱਜਦੌੜ 'ਚ ਦੋ ਪੁਲਸ ਮੁਲਾਜ਼ਮਾਂ ਦੀ ਵੀ ਮੌਤ ਹੋ ਗਈ ਹੈ।ਸਥਾਨਕ ਮੀਡੀਆ ਨੇ ਦੱਸਿਆ ਕਿ ਹਾਰਨ ਵਾਲੀ ਘਰੇਲੂ ਟੀਮ ਦੇ ਸਮਰਥਕ ਵਾੜ 'ਤੇ ਚੜ੍ਹ ਕੇ ਫੁੱਟਬਾਲ ਮੈਦਾਨ 'ਚ ਦਾਖਲ ਹੋ ਗਏ, ਜਿਸ ਤੋਂ ਬਾਅਦ ਸਮਰਥਕਾਂ ਦੀ ਪੁਲਸ ਨਾਲ ਝੜਪ ਹੋ ਗਈ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਤੋਂ ਬਾਅਦ ਸਟੇਡੀਅਮ 'ਚ ਭੱਜਦੌੜ ਮੱਚ ਗਈ। ਸੂਬਾਈ ਪੁਲਸ ਮੁਖੀ ਨਿਕੋ ਅਫਿੰਟਾ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਸ਼ੁਰੂਆਤੀ ਤੌਰ 'ਤੇ ਜ਼ਿਆਦਾਤਰ ਮੌਤਾਂ ਭੱਜਦੌੜ ਕਾਰਨ ਹੋਈਆਂ ਹਨ ਜਦਕਿ ਬਾਕੀਆਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਸਟੇਡੀਅਮ ਦੇ ਅੰਦਰ ਕਰੀਬ 34 ਲੋਕਾਂ ਦੀ ਮੌਤ ਹੋ ਗਈ ਜਦਕਿ ਬਾਕੀ ਹਸਪਤਾਲ 'ਚ ਦਮ ਤੋੜ ਗਏ। 

ਪੜ੍ਹੋ ਇਹ ਅਹਿਮ ਖ਼ਬਰ-ਜ਼ਮੀਨ ਤੋਂ ਕੀਤੀ ਗਈ ਫਾਇਰਿੰਗ, 3500 ਫੁੱਟ ਉੱਚਾਈ 'ਤੇ ਜਹਾਜ਼ 'ਚ ਬੈਠੇ ਸ਼ਖ਼ਸ ਨੂੰ ਲੱਗੀ ਗੋਲੀ

ਇਸ ਦੌਰਾਨ ਇੰਡੋਨੇਸ਼ੀਆ ਦੇ ਰਾਜਨੀਤਿਕ, ਕਾਨੂੰਨੀ ਅਤੇ ਸੁਰੱਖਿਆ ਮਾਮਲਿਆਂ ਦੇ ਤਾਲਮੇਲ ਮੰਤਰੀ ਮਹਿਫੂਦ ਮੋਦ ਨੇ ਅਧਿਕਾਰਤ ਸੋਸ਼ਲ ਮੀਡੀਆ ਅਕਾਉਂਟ 'ਤੇ ਕਿਹਾ ਕਿ ਮੈਚ ਵਿਚ ਵਿਰੋਧੀ ਟੀਮਾਂ ਦੇ ਸਮਰਥਕਾਂ ਵਿਚਾਲੇ ਕੋਈ ਝੜਪ ਨਹੀਂ ਹੋਈ, ਕਿਉਂਕਿ ਜੇਤੂ ਟੀਮ ਪਰਸਬੇ ਦੇ ਸਮਰਥਕਾਂ ਨੂੰ ਸਟੇਡੀਅਮ ਵਿਚ ਮੈਚ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਟੇਡੀਅਮ 'ਚ ਮੈਚ ਦੇਖਣ ਲਈ 42,000 ਟਿਕਟਾਂ ਵੇਚੀਆਂ ਗਈਆਂ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News