ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਆਪਣੇ ਕੈਬਨਿਟ ''ਚ ਕੀਤਾ ਬਦਲਾਅ
Tuesday, May 01, 2018 - 04:18 PM (IST)
ਕੋਲੰਬੋ— ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਚੌਥੀ ਵਾਰ ਮੰਗਲਵਾਰ ਨੂੰ ਆਪਣੇ ਕੈਬਨਿਟ ਵਿਚ ਬਦਲਾਅ ਕਰ ਕੇ 18 ਮੰਤਰੀਆਂ ਦੇ ਵਿਭਾਗ ਬਦਲ ਦਿੱਤੇ ਹਨ। ਕੈਬਨਿਟ ਵਿਚ ਇਹ ਫੇਰਬਦਲ ਰਾਸ਼ਟਰੀ ਏਕਤਾ ਸਰਕਾਰ ਤੋਂ 6 ਮੰਤਰੀਆਂ ਦੇ ਅਸਤੀਫਾ ਦੇਣ ਦੇ ਕਈ ਹਫਤੇ ਬਾਅਦ ਹੋਇਆ ਹੈ। ਕੈਬਨਿਟ ਵਿਚ ਇਹ ਵੱਡਾ ਬਦਲਾਅ ਮੱਧ ਫਰਵਰੀ ਵਿਚ ਹੋਈਆਂ ਸਥਾਨਕ ਬਾਡੀਜ਼ ਚੋਣਾਂ ਤੋਂ ਬਾਅਦ ਸ਼੍ਰੀਲੰਕਾ 'ਚ ਜਾਰੀ ਸਿਆਸੀ ਗਤੀਰੋਧ ਤੋਂ ਬਾਅਦ ਹੋਇਆ।
ਇਨ੍ਹਾਂ ਚੋਣਾਂ 'ਚ ਸ਼੍ਰੀਲੰਕਾ ਫਰੀਡਮ ਪਾਰਟੀ (ਐੱਸ. ਐੱਲ. ਐੱਫ. ਪੀ) ਅਤੇ ਯੂਨਾਈਟਿਡ ਨੈਸ਼ਨਲ ਪਾਰਟੀ (ਯੂ. ਐੱਨ. ਪੀ) ਦੇ ਸੱਤਾਧਾਰੀ ਗਠਜੋੜ ਨੂੰ ਰਾਜਪਕਸ਼ੇ ਦੀ ਨਵੀਂ ਪਾਰਟੀ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੀ ਅਗਵਾਈ ਵਿਚ 4 ਅਪ੍ਰੈਲ ਨੂੰ ਸੰਯੁਕਤ ਵਿਰੋਧੀ ਧਿਰ ਵਲੋਂ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਸਿੰਘੇ ਵਿਰੁੱਧ ਲਿਆਂਦੇ ਗਏ ਬੇਭਰੋਸਗੀ ਪ੍ਰਸਤਾਵ ਦੇ ਸਮਰਥਨ ਵਿਚ ਵੋਟਾਂ ਪਾਉਣ ਤੋਂ ਬਾਅਦ 12 ਅਪ੍ਰੈਲ ਨੂੰ 6 ਕੈਬਨਿਟ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਸੀ। ਇਸ ਅਸਤੀਫੇ ਤੋਂ ਬਾਅਦ 12 ਅਪ੍ਰੈਲ ਨੂੰ ਰਾਸ਼ਟਰਪਤੀ ਨੇ 4 ਕੈਬਨਿਟ ਮੰਤਰੀਆਂ ਨੂੰ ਸਹੁੰ ਚੁਕਾਈ ਸੀ।