ਸ਼੍ਰੀਲੰਕਾ ਦੀ ਪੁਲਸ ਨੇ ਸ਼ੱਕੀ ਮੋਟਰਸਾਈਕਲ ਨੂੰ ਬੰਬ ਨਾਲ ਉਡਾਇਆ

04/24/2019 2:21:34 PM

ਕੋਲੰਬੋ— ਲੜੀਵਾਰ ਬੰਬ ਧਮਾਕਿਆਂ ਕਾਰਨ ਸਦਮੇ 'ਚ ਡੁੱਬੇ ਸ਼੍ਰੀਲੰਕਾ 'ਚ ਅਜੇ ਵੀ ਹਾਈ ਅਲਰਟ ਜਾਰੀ ਹੈ, ਜਿਸ ਦੇ ਚਲਦਿਆਂ ਪੁਲਸ ਨੇ ਬੁੱਧਵਾਰ ਨੂੰ ਇੱਥੇ ਸਿਨੇਮਾਘਰ ਦੇ ਕੋਲ ਖੜੇ ਇਕ ਸ਼ੱਕੀ ਮੋਟਰਸਾਈਕਲ ਨੂੰ ਉਡਾ ਦਿੱਤਾ। ਪੁਲਸ ਨੇ ਦੱਸਿਆ ਕਿ ਦੱਖਣੀ ਕੋਲੰਬੋ 'ਚ ਸਵਾਏ ਸਿਨੇਮਾ ਦੇ ਕੋਲ ਇਲਾਕੇ ਨੂੰ ਖਾਲੀ ਕਰਵਾ ਕੇ ਬੰਬ ਰੋਕੂ ਦਸਤੇ ਨੇ ਸ਼ੱਕੀ ਮੋਟਰਸਾਈਕਲ ਨੂੰ ਧਮਾਕਾ ਕਰਕੇ ਉਡਾ ਦਿੱਤਾ, ਹਾਲਾਂਕਿ ਮੋਟਰਸਾਈਕਲ 'ਚੋਂ ਕੋਈ ਧਮਾਕਾਖੇਜ਼ ਪਦਾਰਥ ਬਰਾਮਦ ਨਹੀਂ ਹੋਇਆ। 

ਸ਼੍ਰੀਲੰਕਾ ਪੁਲਸ ਨੇ ਸਾਰੇ ਵਾਹਨ ਚਾਲਕਾਂ ਨੂੰ ਕਿਹਾ ਕਿ ਉਹ ਸ਼ਹਿਰ 'ਚ ਕਿਤੇ ਵੀ ਆਪਣਾ ਵਾਹਨ ਖੜ੍ਹਾ ਨਾ ਕਰਨ ਅਤੇ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਆਪਣਾ ਫੋਨ ਨੰਬਰ ਇੱਥੇ ਛੱਡ ਕੇ ਜ਼ਰੂਰ ਜਾਣ ਤਾਂ ਕਿ ਲੋੜ ਪੈਣ 'ਤੇ ਪੁਲਸ ਫੋਨ ਕਰ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਐਤਵਾਰ ਨੂੰ ਈਸਟਰ ਮੌਕੇ ਗਿਰਜਾਘਰਾਂ ਅਤੇ ਹੋਟਲਾਂ 'ਚ ਹੋਏ ਲੜੀਵਾਰ ਹਮਲਿਆਂ 'ਚ 359 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਮਲੇ 'ਚ ਹੁਣ ਤਕ 60 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਕ ਸਟੇਟ ਨੇ ਲਈ ਹੈ।


Related News