ਸ਼੍ਰੀਲੰਕਾ 'ਚ ਬੁਰਕੇ 'ਤੇ ਤੁਰੰਤ ਪਾਬੰਦੀ ਲਈ ਸੰਸਦ 'ਚ ਪ੍ਰਸਤਾਵ ਪੇਸ਼

02/21/2020 7:47:26 PM

ਕੋਲੰਬੋ- ਸ਼੍ਰੀਲੰਕਾ ਵਿਚ ਰਾਸ਼ਟਰੀ ਸੁਰੱਖਿਆ ਮਾਮਲਿਆਂ 'ਤੇ ਬਣੀ ਇਕ ਸੰਸਦੀ ਕਮੇਟੀ ਨੇ ਦੇਸ਼ ਵਿਚ ਤੁਰੰਤ ਪ੍ਰਭਾਵ ਨਾਲ ਬੁਰਕਾ ਪਹਿਨਣ 'ਤੇ ਰੋਕ ਲਾਉਣ ਦੀ ਸਿਫਾਰਿਸ਼ ਕੀਤੀ ਹੈ। ਕਮੇਟੀ ਨੇ ਧਾਰਮਿਕ ਆਧਾਰ 'ਤੇ ਗਠਿਤ ਸਿਆਸੀ ਦਲਾਂ ਦਾ ਰਜਿਸਟ੍ਰੇਸ਼ਨ ਵੀ ਰੱਦ ਕਰਨ ਦਾ ਪ੍ਰਸਤਾਵ ਰੱਖਿਆ ਹੈ। ਸਥਾਨਕ ਮੀਡੀਆ ਮੁਤਾਬਕ ਸ਼੍ਰੀਲੰਕਾ ਦੀ ਸੰਸਦ ਵਿਚ ਵੀਰਵਾਰ ਨੂੰ ਇਸ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਗਈ। ਇਸ ਵਿਚ ਬੁਰਕੇ 'ਤੇ ਪਾਬੰਦੀ ਲਗਾਉਣ ਸਣੇ 14 ਵਿਵਾਦਿਤ ਪ੍ਰਸਤਾਵਾਂ ਦਾ ਵੀ ਜ਼ਿਕਰ ਹੈ।

ਦੱਸਿਆ ਜਾ ਰਿਹਾ ਹੈ ਕਿ ਉਕਤ ਸਾਰੇ ਪ੍ਰਸਤਾਵ ਪਿਛਲੇ ਸਾਲ ਅਪ੍ਰੈਲ ਵਿਚ ਈਸਟਰ ਦੇ ਮੌਕੇ 'ਤੇ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਚੁੱਕੇ ਗਏ ਲੱਗ ਰਹੇ ਹਨ। ਰਾਸ਼ਟਰੀ ਸੁਰੱਖਿਆ ਕਮੇਟੀ ਦੇ ਚੇਅਰਮੈਨ ਮਲਿਤ ਜੈਤਿਲਕ ਵਲੋਂ ਸੰਸਦ ਵਿਚ ਪੇਸ਼ ਕੀਤੀ ਗਈ ਇਸ ਰਿਪੋਰਟ ਵਿਚ ਅਜਿਹੇ ਕਈ ਦੇਸ਼ਾਂ ਦਾ ਜ਼ਿਕਰ ਕੀਤਾ ਗਿਆ, ਜਿਥੇ ਬੁਰਕੇ 'ਤੇ ਪਾਬੰਦੀ ਲਾਈ ਜਾ ਚੁੱਕੀ ਹੈ। ਇਸ ਵਿਚ ਪੁਲਸ ਨੂੰ ਇਹ ਅਧਿਕਾਰ ਦੇਣ ਦੀ ਸਲਾਹ ਦਿੱਤੀ ਗਈ ਹੈ ਤਾਂਕਿ ਉਹ ਜਨਤਕ ਥਾਵਾਂ 'ਤੇ ਨਕਾਬ ਹਟਵਾ ਕੇ ਲੋਕਾਂ ਦੀ ਪਛਾਣ ਕਰ ਸਕਣ। ਨਕਾਬ ਨਾ ਹਟਾਉਣ 'ਤੇ ਗ੍ਰਿਫਤਾਰੀ ਦਾ ਅਧਿਕਾਰ ਦੇਣ ਦੀ ਵੀ ਮੰਗ ਕੀਤੀ ਗਈ ਹੈ।

ਮਦਰੱਸੇ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਸਕੂਲ ਵਿਚ ਪਾਉਣ ਦੀ ਸਲਾਹ
ਸੰਸਦੀ ਕਮੇਟੀ ਨੇ ਸਰਕਾਰ ਨੂੰ ਇਹ ਸਲਾਹ ਵੀ ਦਿੱਤੀ ਹੈ ਕਿ ਮਦਰੱਸਿਆਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਸਿੱਖਿਆ ਮੰਤਰਾਲਾ ਤਹਿਤ ਆਉਣ ਵਾਲੇ ਆਮ ਸਕੂਲਾਂ ਵਿਚ ਦਾਖਲ ਕਰਵਾਇਆ ਜਾਵੇ। ਜ਼ਿਕਰਯੋਗ ਹੈ ਕਿ ਦੋ ਕਰੋੜ ਦੀ ਆਬਾਦੀ ਵਾਲੇ ਸ਼੍ਰੀਲੰਕਾ ਵਿਚ ਤਕਰੀਬਨ 10 ਫੀਸਦੀ ਮੁਸਲਮਾਨ ਹਨ। ਇਸ ਦੇਸ਼ ਵਿਚ 12 ਫੀਸਦੀ ਹਿੰਦੂ ਵੀ ਹਨ।

ਧਮਾਕਿਆਂ ਵਿਚ ਹੋਈ ਸੀ 321 ਲੋਕਾਂ ਦੀ ਮੌਤ
ਸ਼੍ਰੀਲੰਕਾ ਵਿਚ ਪਿਛਲੇ ਸਾਲ ਈਸਟਰ ਦੇ ਮੌਕੇ 'ਤੇ ਗਿਰਜਾਘਰਾਂ ਤੇ ਲਗਜ਼ਰੀ ਹੋਟਲਾਂ ਵਿਚ ਬੰਬ ਧਮਾਕੇ ਹੋਏ ਸਨ, ਜਿਹਨਾਂ ਵਿਚ 321 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 500 ਤੋਂ ਵਧੇਰੇ ਲੋਕ ਜ਼ਖਮੀ ਹੋਏ ਸਨ। ਮਾਰੇ ਗਏ ਲੋਕਾਂ ਵਿਚ 10 ਭਾਰਤੀਆਂ ਸਣੇ 38 ਵਿਦੇਸ਼ੀ ਸ਼ਾਮਲ ਸਨ। ਇਹ ਧਮਾਕੇ 21 ਅਪ੍ਰੈਲ ਨੂੰ ਸਵੇਰੇ ਸਾਢੇ 10 ਵਜੇ ਈਸਟਰ ਦੀ ਪ੍ਰਾਰਥਨਾ ਸਭਾ ਦੌਰਾਨ ਕੋਲੰਬੋ ਦੇ ਸੇਂਟ ਐਂਥਨੀ ਚਰਚ, ਪੱਛਮੀ ਤੱਟੀ ਸ਼ਹਿਰ ਨੇਗੋਂਬੋ ਦੇ ਸੇਂਟ ਸੇਬੇਸਟੀਅਨ ਚਰਚ ਤੇ ਬਟਿਕਲੋਵਾ ਦੇ ਚਰਚ ਵਿਚ ਹੋਏ ਸਨ। ਹੋਰ ਤਿੰਨ ਬੰਬ ਧਮਾਕੇ ਪੰਜ ਸਿਤਾਰਾ ਹੋਟਲਾਂ ਸ਼ੰਗਰੀਲਾ, ਦ ਸਿਨਾਮੋਨ ਗ੍ਰਾਂਡ ਤੇ ਦ ਕਿੰਗਸਬਰੀ ਵਿਚ ਹੋਏ ਸਨ।


Baljit Singh

Content Editor

Related News