ਭਾਰਤ ਨਾਲ ਮਿਲ ਕੇ ਦੇਸ਼ ''ਚ ਸੂਰਜੀ ਊਰਜਾ ਪਲਾਂਟ ਦਾ ਨਿਰਮਾਣ ਕਰੇਗਾ ਸ਼੍ਰੀਲੰਕਾ
Thursday, Mar 30, 2023 - 03:00 PM (IST)

ਕੋਲੰਬੋ (ਭਾਸ਼ਾ)- ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਵਿੱਚ ਭਾਰਤ ਦੇ ਨਾਲ ਮਿਲ ਕੇ ਸ਼੍ਰੀਲੰਕਾ ਦੇਸ਼ ਦੇ ਪੂਰਬੀ ਬੰਦਰਗਾਹ ਜ਼ਿਲ੍ਹੇ ਤ੍ਰਿੰਕੋਮਾਲੀ ਵਿੱਚ ਸਾਂਝੇ ਤੌਰ 'ਤੇ 2 ਪੜਾਅ ਵਿਚ 135 ਮੈਗਾਵਾਟ ਸੂਰਜੀ ਊਰਜਾ ਪਲਾਂਟ ਦਾ ਨਿਰਮਾਣ ਕਰੇਗਾ। ਸ਼੍ਰੀਲੰਕਾ ਦੀ ਕੈਬਨਿਟ ਨੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ, ਕਿਉਂਕਿ ਦੇਸ਼ ਨੇ 2030 ਤੱਕ ਆਪਣੀ ਬਿਜਲੀ ਦੀ ਜ਼ਰੂਰਤ 70 ਫ਼ੀਸਦੀ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਹੈ।
ਇਸ ਹਫ਼ਤੇ ਹੋਈ ਕੈਬਨਿਟ ਮੀਟਿੰਗ ਦੇ ਸਬੰਧ ਵਿੱਚ ਜਾਰੀ ਕੀਤੇ ਗਏ ਨੋਟ ਵਿੱਚ ਕਿਹਾ ਗਿਆ ਹੈ, 'ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆ (ਐੱਨ.ਟੀ.ਪੀ.ਸੀ.) ਅਤੇ ਸਿਲੋਨ ਇਲੈਕਟ੍ਰੀਸਿਟੀ ਬੋਰਡ (ਸੀ.ਈ.ਬੀ.) ਨੇ 2 ਪੜਾਵਾਂ ਦੇ ਇਕ ਸੂਰਜੀ ਊਰਜਾ ਪ੍ਰੋਜੈਕਟ ਨੂੰ ਸਾਂਝੇ ਤੌਰ 'ਤੇ ਲਾਗੂ ਕਰਨ ਦੇ ਸਬੰਧ ਵਿਚ ਇਕ ਸਮਝੌਤਾ ਕੀਤਾ ਹੈ।' ਨੋਟ ਵਿੱਚ ਕਿਹਾ ਗਿਆ ਹੈ ਕਿ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ ਕੁੱਲ 4.25 ਕਰੋੜ ਅਮਰੀਕੀ ਡਾਲਰ ਦੀ ਲਾਗਤ ਨਾਲ 50 ਮੈਗਾਵਾਟ ਸੂਰਜੀ ਊਰਜਾ ਪ੍ਰੋਜੈਕਟ ਨੂੰ ਲਾਗੂ ਕੀਤੇ ਜਾਣ ਅਤੇ 2.36 ਕਰੋੜ ਅਮਰੀਕੀ ਡਾਲਰ ਦੀ ਲਾਗਤ ਨਾਲ ਸਮਪੁਰ ਤੋਂ ਕਪਲਥੂਰੇ ਤੱਕ 40 ਕਿਲੋਮੀਟਰ ਲੰਬੀ 220 ਕਿਲੋਵਾਟ ਟਰਾਂਸਮਿਸ਼ਨ ਲਾਈਨ ਦੇ ਨਿਰਮਾਣ ਦੀ ਸੰਭਾਵਨਾ ਹੈ। ਉਮੀਦ ਹੈ ਕਿ ਇਹ ਪੜਾਅ 2024 ਤੋਂ 2025 ਦਰਮਿਆਨ 2 ਸਾਲਾਂ ਵਿੱਚ ਪੂਰਾ ਹੋ ਜਾਵੇਗਾ।
ਨੋਟ ਵਿੱਚ ਕਿਹਾ ਗਿਆ ਹੈ ਕਿ ਪ੍ਰੋਜੈਕਟ ਦੇ ਦੂਜੇ ਪੜਾਅ ਵਿੱਚ ਕੁੱਲ 7.20 ਕਰੋੜ ਅਮਰੀਕੀ ਡਾਲਰ ਦੀ ਲਾਗਤ ਨਾਲ ਵਾਧੂ 85 ਮੈਗਾਵਾਟ ਨਾਲ ਇੱਕ ਸੂਰਜੀ ਊਰਜਾ ਪਲਾਂਟ ਦੇ ਨਿਰਮਾਣ ਦੀ ਸੰਭਾਵਨਾ ਹੈ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਸਮੁੰਦਰੀ ਹਵਾ ਅਤੇ ਜੈਵਿਕ ਈਂਧਨ ਸਮੇਤ ਸੂਰਜੀ ਅਤੇ ਪੌਣ ਊਰਜਾ ਦੀ ਵਰਤੋਂ ਨਾਲ ਬਿਜਲੀ ਉਤਪਾਦਨ ਪ੍ਰੋਜੈਕਟਾਂ ਨੂੰ ਚਲਾਉਣ ਵਿੱਚ ਮਦਦ ਕਰਕੇ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਮਜ਼ਬੂਤ ਕਰਨ ਦੀ ਆਪਣੀ ਇੱਛਾ ਪ੍ਰਗਟਾਈ ਹੈ।