ਸ਼੍ਰੀਲੰਕਾ ਨੂੰ ਭਾਰਤ ਤੋਂ ਮਿਲੇਗੀ 90 ਕਰੋੜ ਡਾਲਰ ਦੀ ਵਿੱਤੀ ਸਹਾਇਤਾ
Monday, Jan 03, 2022 - 03:53 PM (IST)
ਕੋਲੰਬੋ (ਵਾਰਤਾ)- ਸ਼੍ਰੀਲੰਕਾ ਨੂੰ ਇਸ ਮਹੀਨੇ ਭਾਰਤ ਤੋਂ 90 ਕਰੋੜ ਡਾਲਰ ਦੇ 2 ਵਿੱਤੀ ਰਾਹਤ ਪੈਕੇਜ ਮਿਲਣਗੇ। 'ਦਿ ਸੰਡੇ ਮਾਰਨਿੰਗ' ਅਖ਼ਬਾਰ ਨੇ ਭਾਰਤ ਸਰਕਾਰ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਸ਼੍ਰੀਲੰਕਾ ਨੂੰ ਕੁੱਲ ਰਾਸ਼ੀ 'ਚੋਂ ਲਗਭਗ 30 ਅਰਬ ਦੀ ਰਕਮ ਮੁਦਰਾ ਦੀ ਅਦਲਾ-ਬਦਲੀ ਸੁਵਿਧਾ ਤਹਿਤ ਦਿੱਤੀ ਜਾਏਗੀ, ਜਦਕਿ ਬਾਕੀ ਰਕਮ ਈਂਧਨ ਨਾਲ ਜੁੜੀ ਹੈ। ਸ਼੍ਰੀਲੰਕਾ ਦੇ ਖਜ਼ਾਨੇ ਵਿਚ ਪਹਿਲਾ ਪੈਕੇਜ 10 ਜਨਵਰੀ ਨੂੰ ਭੇਜਿਆ ਜਾਵੇਗਾ। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਘੱਟ ਹੋਣ ਕਾਰਨ ਇੱਥੋਂ ਦੀ ਸਥਿਤੀ ਬਹੁਤ ਤਰਸਯੋਗ ਹੈ।
ਰਿਪੋਰਟ ਮੁਤਾਬਕ ਸ਼੍ਰੀਲੰਕਾ ਸਰਕਾਰ ਦੀਆਂ ਵਿੱਤੀ ਸਹਾਇਤਾ ਦੀਆਂ ਬੇਨਤੀਆਂ 'ਤੇ ਭਾਰਤ ਸਰਕਾਰ ਜਲਦ ਹੀ ਰਾਹਤ ਪੈਕੇਜ ਭੇਜਣ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਹਤ ਪੈਕੇਜ ਭੇਜਣ ਵਿਚ ਦੇਰੀ ਦਾ ਮੁੱਖ ਕਾਰਨ ਇਹ ਹੈ ਕਿ ਭਾਰਤ ਸਰਕਾਰ ਨੇ ਉਤਪਾਦਾਂ ਲਈ ਕ੍ਰੈਡਿਟ ਸੀਮਾ ਬੰਦ ਕਰ ਦਿੱਤੀ ਸੀ ਅਤੇ ਸ਼੍ਰੀਲੰਕਾ ਸਰਕਾਰ ਦੀ ਬੇਨਤੀ 'ਤੇ ਇਸ ਨੂੰ ਦੁਬਾਰਾ ਲਾਗੂ ਕੀਤਾ ਗਿਆ ਹੈ। ਸ਼੍ਰੀਲੰਕਾ ਸਰਕਾਰ ਦੀ 74 ਅਰਬ ਤੋਂ ਵੱਧ ਵਾਲੀ ਮੰਗੀ ਗਈ ਸੁਵਿਧਾ ਨੂੰ ਭੇਜਣ ਵਿਚ ਦਸਤਾਵੇਜ਼ੀ ਪ੍ਰਕਿਰਿਆ ਕਾਰਨ ਕੁੱਝ ਜ਼ਿਆਦਾ ਸਮਾਂ ਲੱਗ ਸਕਦਾ ਹੈ। ਸ਼੍ਰੀਲੰਕਾ ਦੇ ਊਰਜਾ ਮੰਤਰੀ ਉਦੈ ਗਾਮਮਪਿਲਾ ਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਟਾਪੂ ਅਤੇ ਭਾਰਤ ਸਾਂਝੇ ਤੌਰ 'ਤੇ ਈਂਧਨ ਟੈਂਕ ਵਿਕਸਿਤ ਕਰਨਗੇ, ਜਿਸ ਵਿਚ ਲੰਕਾ ਦੀ ਇੰਡੀਅਨ ਆਇਲ ਕੰਪਨੀ ਦੇ ਟੈਂਕਾਂ ਦੀ ਲੀਜ਼ ਨੂੰ ਆਗਾਮੀ 50 ਸਾਲਾਂ ਤੱਕ ਵਧਾ ਦਿੱਤਾ ਗਿਆ ਹੈ।