ਕੋਰੋਨਾ ਵਾਇਰਸ ਕਾਰਨ ਸ਼੍ਰੀਲੰਕਾ ਨੇ ਮੁਲਤਵੀ ਕੀਤੀਆਂ ਚੋਣਾਂ
Tuesday, Apr 21, 2020 - 03:00 PM (IST)

ਕੋਲੰਬੋ- ਸ਼੍ਰੀਲੰਕਾ ਵਿਚ ਕੋਰੋਨਾ ਵਾਇਰਸ ਕਾਰਨ ਸੰਸਦੀ ਚੋਣਾਂ ਨੂੰ ਦੋ ਮਹੀਨਿਆਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਦੇਸ਼ ਵਿਚ ਚੋਣਾਂ ਹੁਣ 20 ਜੂਨ ਨੂੰ ਹੋਣਗੀਆਂ। ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਨਿਰਧਾਰਤ ਸਮੇਂ ਤੋਂ 6 ਮਹੀਨੇ ਪਹਿਲਾਂ ਸੰਸਦ ਭੰਗ ਕਰ ਦਿੱਤੀ ਸੀ ਅਤੇ 25 ਅਪ੍ਰੈਲ ਨੂੰ ਮਿਡ ਟਰਮ ਚੋਣਾਂ ਕਰਾਉਣ ਦੀ ਗੱਲ ਆਖੀ ਸੀ।
ਸੋਮਵਾਰ ਨੂੰ ਇਕ ਸਰਕਾਰੀ ਹੁਕਮ ਜਾਰੀ ਹੋਇਆ ਜਿਸ ਵਿਚ ਚੋਣਾਂ 20 ਜੂਨ ਨੂੰ ਕਰਾਉਣ ਦੀ ਘੋਸ਼ਣਾ ਕੀਤੀ ਗਈ ਹੈ। ਇਸ ਹੁਕਮ 'ਤੇ ਰਾਸ਼ਟਰੀ ਚੋਣ ਵਿਭਾਗ ਦੇ ਤਿੰਨ ਮੈਂਬਰਾਂ ਦੇ ਦਸਤਖਤ ਹਨ। ਚੋਣਾਂ ਮੁਲਤਵੀ ਕਰਨ ਦਾ ਫੈਸਲਾ ਸਿਹਤ ਅਤੇ ਸੁਰੱਖਿਆ ਨਾਲ ਜੁੜੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰੇ ਦੇ ਬਾਅਦ ਲਿਆ ਗਿਆ ਹੈ ।
ਚੋਣ ਵਿਭਾਗ ਨੇ ਰਾਸ਼ਟਰਪਤੀ ਰਾਜਪਕਸ਼ੇ ਨੂੰ ਪੱਤਰ ਲਿਖ ਕੇ ਕਿਹਾ ਕਿ ਉਹ ਚੋਣਾਂ ਮੁਲਤਵੀ ਹੋਣ ਕਾਰਨ ਪੈਦਾ ਹੋਣ ਵਾਲੇ ਸੰਭਾਵਿਤ ਸੰਵਿਧਾਨਕ ਵਿਰੋਧ 'ਤੇ ਅਦਾਲਤ ਦਾ ਰੁਖ ਵੀ ਜਾਣ ਲੈਣ। ਇਸ ਵਿਚ ਕਿਹਾ ਗਿਆ ਹੈ ਕਿ ਚੋਣਾਂ ਮੁਲਤਵੀ ਹੋਣ ਦਾ ਅਰਥ ਹੈ ਕਿ ਸੰਸਦ ਦੋ ਜੂਨ ਨੂੰ ਸ਼ੁਰੂ ਨਹੀਂ ਹੋਵੇਗੀ। ਪਿਛਲੀ ਸੰਸਦ ਦੋ ਮਾਰਚ ਨੂੰ ਭੰਗ ਹੋਈ ਸੀ ਤੇ 2 ਜੂਨ ਨੂੰ ਇਸ ਦੇ ਤਿੰਨ ਮਹੀਨੇ ਪੂਰੇ ਹੋ ਜਾਣਗੇ।
ਅਸਲ ਵਿਚ ਦੇਸ਼ ਦੇ ਸੰਵਿਧਾਨ ਮੁਤਾਬਕ ਸੰਸਦ ਨੂੰ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮੇਂ ਲਈ ਭੰਗ ਨਹੀਂ ਕੀਤਾ ਜਾ ਸਕਦਾ ,ਇਸ ਦੀ ਮਿਆਦ ਮਗਰੋਂ ਨਵੀਂ ਸੰਸਦ ਦਾ ਕੰਮ ਕਰਨਾ ਜ਼ਰੂਰੀ ਹੁੰਦਾ ਹੈ। ਰਾਜਪਕਸ਼ੇ ਨੇ ਕਿਹਾ ਕਿ ਚੋਣਾਂ ਦੀ ਤਰੀਕ ਨਿਸ਼ਚਿਤ ਕਰਨਾ ਚੋਣ ਵਿਭਾਗ ਦਾ ਕੰਮ ਹੈ ਅਤੇ ਇਸ ਵਿਚ ਅਦਾਲਤ ਦੇ ਦਖਲ ਦੀ ਜ਼ਰੂਰਤ ਨਹੀਂ ਹੈ।