ਸ਼੍ਰੀਲੰਕਾ ਨੇ ਕੋਰੋਨਾਵਾਇਰਸ ਕਾਰਨ ਲਾਇਆ ਕਰਫਿਊ ਹਟਾਇਆ
Sunday, Jun 28, 2020 - 11:22 PM (IST)
ਕੋਲੰਬੋ - ਸ਼੍ਰੀਲੰਕਾ ਸਰਕਾਰ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਏ ਗਏ ਕਰਫਿਊ ਨੂੰ ਐਤਵਾਰ ਨੂੰ ਪੂਰੀ ਤਰ੍ਹਾਂ ਨਾਲ ਹਟਾ ਦਿੱਤਾ ਹੈ। ਦੇਸ਼ ਵਿਚ ਕਰੀਬ 2 ਮਹੀਨਿਆਂ ਤੋਂ ਕਮਿਊਨਿਟੀ ਲਾਗ ਦਾ ਕੋਈ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਸ਼੍ਰੀਲੰਕਾ ਵਿਚ 20 ਮਾਰਚ ਤੋਂ ਲਗਾਤਾਰ ਲਾਕਡਾਊਨ ਸੀ। ਪਹਿਲਾ ਸਥਾਨਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਲਾਕਡਾਊਨ ਲਾਗੂ ਕੀਤਾ ਗਿਆ ਸੀ। ਸ਼ੁਰੂਆਤ ਵਿਚ ਸਮੁੱਚੇ ਦੇਸ਼ ਵਿਚ ਕਰਫਿਊ ਲਾਇਆ ਗਿਆ ਸੀ, ਪਰ ਬਾਅਦ ਵਿਚ ਇਸ ਵਿਚ ਢਿੱਲ ਦਿੱਤੀ ਗਈ ਅਤੇ ਇਸ ਨੂੰ ਦੇਸ਼ ਦੇ 2-ਤਿਹਾਈ ਹਿੱਸੇ ਵਿਚ ਹੀ ਲਾਗੂ ਕੀਤਾ ਗਿਆ। ਇਹ ਜ਼ਿਆਦਾਤਰ ਰਾਤ ਦੇ ਸਮੇਂ ਲਾਗੂ ਰਹਿੰਦਾ ਸੀ। ਸਰਕਾਰ ਨੇ ਮਈ ਦੇ ਮੱਧ ਵਿਚ ਦਫਤਰਾਂ ਅਤੇ ਦੁਕਾਨਾਂ ਨੂੰ ਅਸ਼ੱਕ ਰੂਪ ਤੋਂ ਖੋਲਣ ਦੀ ਇਜਾਜ਼ਤ ਦਿੱਤੀ ਸੀ।
ਜੂਨ ਦੇ ਸ਼ੁਰੂ ਵਿਚ ਪਾਬੰਦੀਆਂ ਵਿਚ ਹੋਰ ਢਿੱਲ ਦਿੱਤੀ ਗਈ ਸੀ ਅਤੇ ਸਰਕਾਰੀ ਪਰਿਵਹਨ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਦਫਤਰ ਨੇ ਇਕ ਬਿਆਨ ਵਿਚ ਦੱਸਿਆ ਕਿ ਅੱਜ, 28 ਜੂਨ ਤੋਂ ਕਰਫਿਊ ਪੂਰੀ ਤੋਂ ਹਟਾਇਆ ਜਾ ਰਿਹਾ ਹੈ। ਸਿਹਤ ਅਧਿਕਾਰੀਆਂ ਮੁਤਾਬਕ, 30 ਅਪ੍ਰੈਲ ਤੋਂ ਕਮਿਊਨਿਟੀ ਲਾਗ ਦਾ ਕੋਈ ਮਾਮਲਾ ਨਹੀਂ ਆਇਆ ਹੈ ਅਤੇ ਇਕ ਜੂਨ ਤੋਂ ਕਿਸੇ ਦੀ ਮੌਤ ਵੀ ਨਹੀਂ ਹੋਈ ਹੈ। ਸ਼੍ਰੀਲੰਕਾ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 2,033 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 11 ਮਰੀਜ਼ਾਂ ਦੀ ਮੌਤ ਹੋਈ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸੰਸਦੀ ਚੋਣਾਂ ਕਰਾਉਣ ਲਈ ਕਰਫਿਊ ਹਟਾਉਣਾ ਜ਼ਰੂਰੀ ਸੀ। ਸ਼੍ਰੀਲੰਕਾ ਨੇ 2 ਵਾਰ ਸੰਸਦੀ ਚੋਣਾਂ ਮੁਲਤਵੀ ਕੀਤੀਆਂ ਹਨ ਜੋ ਹੁਣ 5 ਅਗਸਤ ਨੂੰ ਹੋਣਗੀਆਂ। ਰਾਸ਼ਟਰਪਤੀ ਰਾਜਪਕਸ਼ੇ ਨੇ ਤੈਅ ਮਿਆਦ ਤੋਂ 6 ਮਹੀਨੇ ਪਹਿਲਾਂ, 2 ਮਾਰਚ ਨੂੰ ਸੰਸਦ ਨੂੰ ਭੰਗ ਕਰਨ ਦਿੱਤਾ ਸੀ ਅਤੇ 25 ਅਪ੍ਰੈਲ ਨੂੰ ਪ੍ਰਾਇਮਰੀ ਚੋਣਾਂ ਕਰਾਉਣ ਦਾ ਐਲਾਨ ਕੀਤਾ ਸੀ। ਪਰ ਚੋਣ ਕਮਿਸ਼ਨ ਨੇ ਅਪ੍ਰੈਲ ਦੇ ਮੱਧ ਵਿਚ ਚੋਣਾਂ ਨੂੰ ਕੋਰੋਨਾਵਾਇਰਸ ਮਹਾਮਾਰੀ ਕਾਰਨ 20 ਜੂਨ ਦੇ ਲਈ ਰੱਦ ਕਰ ਦਿੱਤਾ ਸੀ।