ਸ਼੍ਰੀਲੰਕਾ ਨੇ ਐਮਰਜੈਂਸੀ ਵਧਾ ਕੇ ਸਭ ਨੂੰ ਕੀਤਾ ਹੈਰਾਨ

Saturday, Jun 22, 2019 - 03:11 PM (IST)

ਕੋਲੰਬੋ— ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰਿਸੈਨਾ ਨੇ ਸ਼ਨੀਵਾਰ ਨੂੰ ਦੇਸ਼ 'ਚ ਲੱਗੀ ਐਮਰਜੈਂਸੀ ਦੀ ਸਮਾਂ ਸੀਮਾ ਨੂੰ ਇਕ ਹੋਰ ਮਹੀਨੇ ਲਈ ਵਧਾ ਦਿੱਤਾ ਹੈ। ਟਾਪੂ ਰਾਸ਼ਟਰ 'ਚ ਅਪ੍ਰੈਲ 'ਚ ਈਸਟਰ ਸੰਡੇ ਨੂੰ ਹੋਏ ਧਮਾਕਿਆਂ ਮਗਰੋਂ ਸੁਰੱਖਿਆ ਕਾਰਨਾਂ ਦੇ ਚਲਦਿਆਂ ਐਮਰਜੈਂਸੀ ਘੋਸ਼ਿਤ ਕੀਤੀ ਗਈ ਸੀ। ਇਨ੍ਹਾਂ ਧਮਾਕਿਆਂ 'ਚ 258 ਲੋਕਾਂ ਦੀ ਜਾਨ ਚਲੇ ਗਈ। ਮੈਤਰੀਪਾਲਾ ਸਿਰੀਸੈਨਾ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੇਸ਼ 'ਚ ਜਨਤਕ ਐਮਰਜੈਂਸੀ ਸੀ ਅਤੇ ਉਹ ਐਮਰਜੈਂਸੀ ਦੀ ਸਥਿਤੀ ਨੂੰ ਵਧਾਉਂਦੇ ਹੋਏ ਜਨਤਕ ਸੁਰੱਖਿਆ ਨਿਯਮ ਨੂੰ ਲਾਗੂ ਕਰ ਰਹੇ ਹਨ। 

ਸ਼ੱਕੀਆਂ ਨੂੰ ਫੜਨ ਵਾਲਾ ਇਹ ਸਖਤ ਕਾਨੂੰਨ ਸ਼ਨੀਵਾਰ ਨੂੰ ਖਤਮ ਹੋਣ ਵਾਲਾ ਸੀ ਅਤੇ ਇਸੇ ਲਈ ਇਸ ਨੂੰ ਇਕ ਹੋਰ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਮਈ ਦੇ ਅਖੀਰ 'ਚ ਸਿਰਿਸੈਨਾ ਨੇ ਆਸਟ੍ਰੇਲੀਆ, ਕੈਨੇਡਾ, ਜਾਪਾਨ, ਅਮਰੀਕਾ ਅਤੇ ਯੂਰਪੀ ਸੂਬਿਆਂ ਦੇ ਡਿਪਲੋਮੈਟ ਨੂੰ ਦੱਸਿਆ ਸੀ ਕਿ ਸੁਰੱਖਿਆ ਸਥਿਤੀ 99 ਫੀਸਦੀ ਸਾਧਾਰਣ ਹੋ ਗਈ ਹੈ ਅਤੇ ਉਹ 22 ਜੂਨ ਤਕ ਐਮਰਜੈਂਸੀ ਹਟਾ ਲੈਣਗੇ। ਸਿਰੀਸੈਨਾ ਦੇ ਅਚਾਨਕ ਇਹ ਫੈਸਲਾ ਲੈਣ ਨਾਲ ਸਰਕਾਰ ਵਲੋਂ ਅਜੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਰਾਜਧਾਨੀ 'ਚ ਸੁਰੱਖਿਆ ਸਖਤ ਬਣੀ ਹੋਈ ਹੈ।

ਜ਼ਿਕਰਯੋਗ ਹੈ ਕਿ ਐਮਰਜੈਂਸੀ ਇਕ ਮਹੀਨੇ ਲਈ ਘੋਸ਼ਿਤ ਕੀਤੀ ਜਾ ਸਕਦੀ ਹੈ ਅਤੇ 10 ਦਿਨ ਦੇ ਅੰਦਰ ਸੰਸਦ ਨੂੰ ਇਸ ਦੀ ਪੁਸ਼ਟੀ ਕਰਨੀ ਹੁੰਦੀ ਹੈ। ਈਸਟਰ ਸੰਡੇ ਧਮਾਕਿਆਂ ਦੇ ਦੋਸ਼ ਤਹਿਤ 10 ਔਰਤਾਂ ਸਮੇਤ 100 ਤੋਂ ਵਧੇਰੇ ਲੋਕਾਂ ਨੂੰ ਹਿਰਾਸਤ 'ਚ ਲਿਆ ਜਾ ਚੁੱਕਾ ਹੈ।


Related News