ਸ਼੍ਰੀਲੰਕਾ ਧਮਾਕਿਆਂ ''ਚ ਸਾਬਕਾ ਰੱਖਿਆ ਸਕੱਤਰੇਤ ਮੁੜ ਹੋਣਗੇ ਗ੍ਰਿਫਤਾਰ

Wednesday, Oct 09, 2019 - 11:23 PM (IST)

ਸ਼੍ਰੀਲੰਕਾ ਧਮਾਕਿਆਂ ''ਚ ਸਾਬਕਾ ਰੱਖਿਆ ਸਕੱਤਰੇਤ ਮੁੜ ਹੋਣਗੇ ਗ੍ਰਿਫਤਾਰ

ਕੋਲੰਬੋ (ਏਜੰਸੀ)- ਕੋਲੰਬੋ ਹਾਈ ਕੋਰਟ ਨੇ ਬੁੱਧਵਾਰ ਨੂੰ ਸਾਬਕਾ ਰੱਖਿਆ ਸਕੱਤਰ ਹੇਮਾਸਿਰੀ ਫਰਨਾਂਡੋ ਅਤੇ ਮੁਅੱਤਲ ਪੁਲਸ ਮੁਖੀ ਪੁਜਿਤ ਜੈਸੁੰਦਰਾ ਨੂੰ ਦੁਬਾਰਾ ਗ੍ਰਿਫਤਾਰ ਕਰਨ ਦਾ ਹੁਕਮ ਸੁਣਾਇਆ ਹੈ। ਸ਼੍ਰੀਲੰਕਾ 'ਚ ਈਸਟਰ ਮੌਕੇ ਹੋਏ ਲੜੀਵਾਰ ਧਮਾਕਿਆਂ ਨੂੰ ਰੋਕਣ ਵਿਚ ਅਸਫਲ ਰਹਿਣ ਦੇ ਮਾਮਲੇ ਵਿਚ ਦੋਹਾਂ ਨੂੰ 23 ਅਕਤੂਬਰ ਤੱਕ ਰਿਮਾਂਡ 'ਤੇ ਭੇਜਿਆ ਗਿਆ ਹੈ। ਤਿੰਨ ਮਹੀਨੇ ਪਹਿਲਾਂ ਇਕ ਸਥਾਨਕ ਕੋਰਟ ਨੇ ਦੋਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ।

ਦੱਸਣਯੋਗ ਹੈ ਕਿ 21 ਅਪ੍ਰੈਲ ਨੂੰ ਈਸਟਰ ਮੌਕੇ ਇਸਲਾਮਿਕ ਸਟੇਟ ਹਮਾਇਤੀ ਨੈਸ਼ਨਲ ਤੌਹੀਦ ਜਮਾਤ ਨੇ ਚਰਚ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕੀਤਾ ਸੀ। ਇਸ ਹਮਲੇ 'ਚ 258 ਲੋਕਾਂ ਦੀ ਜਾਨ ਚਲੀ ਗਈ ਸੀ। ਹਮਲੇ ਦੇ ਸ਼ੱਕ ਨੂੰ ਲੈ ਕੇ ਭਾਰਤ ਅਤੇ ਹੋਰ ਥਾਵਾਂ ਤੋਂ ਆਈ ਖੁਫੀਆ ਜਾਣਕਾਰੀ 'ਤੇ ਕਥਿਤ ਤੌਰ 'ਤੇ ਕੋਈ ਕਦਮ ਨਹੀਂ ਚੁੱਕਿਆ ਗਿਆ ਸੀ, ਜਿਸ ਨੂੰ ਲੈ ਕੇ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨ ਨੇ ਜੈਸੁੰਦਰਾ ਅਤੇ ਫਰਨਾਂਡੋ ਨੂੰ ਮੁਅੱਤਲ ਕਰ ਦਿੱਤਾ ਸੀ।

ਫਿਰ ਅਟਾਰਨੀ ਜਨਰਲ ਦਾਪੁਲਾ ਲਿਵੇਰਾ ਨੇ ਇਨ੍ਹਾਂ 'ਤੇ ਮੁਕੱਦਮਾ ਚਲਾਉਣ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਜੁਲਾਈ ਵਿਚ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 9 ਜੁਲਾਈ ਨੂੰ ਸਥਾਨਕ ਕੋਰਟ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਕਿ ਪੁਲਸ ਜਾਂ ਕਿਸੇ ਹੋਰ ਨੂੰ ਖੁਸ਼ ਕਰਨ ਲਈ ਕਿਸੇ ਨੂੰ ਜੇਲ ਵਿਚ ਨਹੀਂ ਰੱਖਿਆ ਜਾ ਸਕਦਾ। ਜ਼ਿਕਰਯੋਗ ਹੈ ਕਿ ਹਮਲੇ ਦੀ ਸੂਹ ਨੂੰ ਅਣਗੌਲਿਆਂ ਕਰਨ ਦੀ ਜਾਂਚ ਲਈ ਰਾਸ਼ਟਰਪਤੀ ਨੇ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ ਸੀ। ਪੈਨਲ ਨੇ ਇਸ ਮਾਮਲੇ 'ਚ ਦੋਹਾਂ ਨਾਲ 9 ਹੋਰ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਵੀ ਦੋਸ਼ੀ ਕਰਾਰ ਦਿੱਤਾ।


author

Sunny Mehra

Content Editor

Related News