ਸ਼੍ਰੀਲੰਕਾ ਦੇ ਲੋਕਾਂ ਨੂੰ ਰਾਹਤ, ਰਾਸ਼ਟਰਪਤੀ ਨੇ ਦੇਸ਼ ''ਚ ਲਾਗੂ ''ਐਮਰਜੈਂਸੀ'' ਹਟਾਈ

04/06/2022 10:54:22 AM

ਕੋਲੰਬੋ (ਭਾਸ਼ਾ)- ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ ਮੰਗਲਵਾਰ ਨੂੰ ਦੇਸ਼ 'ਚ 1 ਅਪ੍ਰੈਲ ਤੋਂ ਲਾਗੂ ਐਮਰਜੈਂਸੀ ਨੂੰ ਹਟਾ ਦਿੱਤਾ। ਮੰਗਲਵਾਰ ਰਾਤ ਨੂੰ ਜਾਰੀ ਇੱਕ ਗਜ਼ਟਿਡ ਨੋਟੀਫਿਕੇਸ਼ਨ ਨੰਬਰ 2274/10 ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਐਮਰਜੈਂਸੀ ਨਿਯਮ ਆਰਡੀਨੈਂਸ ਨੂੰ ਵਾਪਸ ਲੈ ਲਿਆ ਹੈ, ਜਿਸ ਦੇ ਤਹਿਤ ਸੁਰੱਖਿਆ ਬਲਾਂ ਨੂੰ ਦੇਸ਼ ਵਿੱਚ ਕਿਸੇ ਵੀ ਗੜਬੜ ਨੂੰ ਰੋਕਣ ਲਈ ਵਿਆਪਕ ਸ਼ਕਤੀਆਂ ਦਿੱਤੀਆਂ ਗਈਆਂ ਸਨ। 

ਦੇਸ਼ ਵਿੱਚ ਵਿਗੜਦੀ ਆਰਥਿਕ ਸਥਿਤੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਰਾਸ਼ਟਰਪਤੀ ਨੇ 1 ਅਪ੍ਰੈਲ ਨੂੰ ਜਨਤਕ ਐਮਰਜੈਂਸੀ ਦਾ ਐਲਾਨ ਕੀਤਾ ਸੀ। 3 ਅਪ੍ਰੈਲ ਨੂੰ ਹੋਏ ਵਿਆਪਕ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਐਮਰਜੈਂਸੀ ਦੀ ਸਥਿਤੀ ਲਾਗੂ ਕੀਤੀ ਗਈ ਸੀ। ਇਸ ਤੋਂ ਬਾਅਦ ਸਰਕਾਰ ਨੇ ਪੂਰੇ ਦੇਸ਼ ਵਿੱਚ ਕਰਫਿਊ ਲਗਾ ਦਿੱਤਾ। ਕਰਫਿਊ ਅਤੇ ਐਮਰਜੈਂਸੀ ਦੇ ਬਾਵਜੂਦ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਇਸ ਦੌਰਾਨ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਸੱਤਾਧਾਰੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਰਿਹਾਇਸ਼ ਦਾ ਘਿਰਾਓ ਕੀਤਾ ਅਤੇ ਸਰਕਾਰ ਨੂੰ ਆਰਥਿਕ ਸੰਕਟ ਦਾ ਹੱਲ ਕਰਨ ਦੀ ਅਪੀਲ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ- 'ਪੁਤਿਨ ਲਈ ਯੂਕ੍ਰੇਨ ਯੁੱਧ ਲਈ ਫੰਡ ਇਕੱਠਾ ਕਰਨਾ ਹੁੰਦਾ ਜਾ ਰਿਹਾ ਵਧੇਰੇ ਮੁਸ਼ਕਲ'

ਪ੍ਰਦਰਸ਼ਨ ਹਿੰਸਕ ਹੋ ਜਾਣ ਕਾਰਨ ਕਈ ਲੋਕ ਜ਼ਖਮੀ ਹੋ ਗਏ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਰਾਸ਼ਟਰਪਤੀ ਨਿਵਾਸ ਨੇੜੇ ਬੈਰੀਕੇਡਾਂ ਨੂੰ ਢਾਹ ਦਿੱਤੇ ਜਾਣ ਤੋਂ ਬਾਅਦ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਹੰਝੂ ਗੈਸ ਅਤੇ ਪਾਣੀ ਦੀਆਂ ਬੌਛਾਰਾਂ ਕੀਤੀਆਂ। ਇਸ ਤੋਂ ਬਾਅਦ ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਕੋਲੰਬੋ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ 'ਚ ਕੁਝ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ। ਸ਼੍ਰੀਲੰਕਾ ਵਿੱਚ ਵਿਦੇਸ਼ੀ ਮੁਦਰਾ ਦੀ ਕਮੀ ਕਾਰਨ ਬਾਲਣ ਅਤੇ ਰਸੋਈ ਗੈਸ ਵਰਗੀਆਂ ਜ਼ਰੂਰੀ ਵਸਤਾਂ ਦੀ ਕਮੀ ਹੋ ਗਈ ਹੈ। ਇੱਥੇ ਦਿਨ ਵਿੱਚ ਰੋਜਾਨਾ 12 ਘੰਟੇ ਬਿਜਲੀ ਕੱਟ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News