ਸ਼੍ਰੀਲੰਕਾ : PM ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਟ੍ਰੈਵਲ ਐਡਵਾਇਜ਼ਰੀ ਹਟਾਉਣ ਦੀ ਕੀਤੀ ਅਪੀਲ
Saturday, May 25, 2019 - 09:55 AM (IST)

ਕੋਲੰਬੋ — ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਦੁਨੀਆਭਰ ਦੇ ਦੇਸ਼ਾਂ ਤੋਂ ਈਸਟਰ ਧਮਾਕਿਆਂ ਦੇ ਬਾਅਦ ਜਾਰੀ ਕੀਤੀ ਗਈ ਸੈਲਾਨੀ ਚਿਤਾਵਨੀਆਂ(ਟ੍ਰੈਵਲ ਐਡਵਾਇਜ਼ਰੀ) ਹਟਾਉਣ ਦੀ ਸ਼ੁੱਕਰਵਾਰ ਨੂੰ ਅਪੀਲ ਕੀਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸਲਾਮੀ ਸਮੂਹ ਅਤੇ ਉਨ੍ਹਾਂ ਦੇ ਨੈੱਟਵਰਕ 'ਤੇ ਕਾਰਵਾਈ ਕਰਨ ਦੇ ਬਾਅਦ ਦੇਸ਼ ਵਿਚ ਸੁਰੱਖਿਆ ਸਥਿਤੀ ਵਿਚ ਸੁਧਾਰ ਆਇਆ ਹੈ।
ਰਾਜਨੀਤਕ ਭਾਈਚਾਰੇ ਦੇ ਨਾਲ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਪਟੜੀ 'ਤੇ ਵਾਪਸ ਆ ਰਹੀ ਹੈ ਅਤੇ ਸੁਰੱਖਿਆ ਬੰਦੋਬਸਤ ਸਖਤ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਦੇਸ਼ ਦੇ ਸੁਰੱਖਿਆ ਸਿਸਟਮ ਦੇ ਪ੍ਰਤੀਨਿਧੀਆਂ ਨੇ ਵਿਦੇਸ਼ੀ ਰਾਜਦੂਤਾਂ ਨੂੰ ਦੱਸਿਆ ਕਿ ਦੇਸ਼ 'ਚ ਕੱਟੜਪੰਥੀ ਦੀਆਂ ਘਟਨਾਵਾਂ ਨੂੰ ਭੜਕਾਉਣ ਵਾਲੇ ਲੋਕਾਂ 'ਤੇ ਪੂਰੀ ਤਰ੍ਹਾਂ ਨਾਲ ਲਗਾਮ ਲਗਾਈ ਜਾਵੇਗੀ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਯਾਤਰੀ ਚਿਤਾਵਨੀ ਹਟਾਉਣ ਦੀ ਅਪੀਲ ਕੀਤੀ ਸੀ । ਭਾਰਤ, ਅਮਰੀਕਾ, ਬਿਟ੍ਰੇਨ ਅਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਸ਼੍ਰੀਲੰਕਾ ਨਾ ਜਾਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੇ 21 ਅਪ੍ਰੈਲ ਨੂੰ ਸ਼੍ਰੀਲੰਕਾ ਦੇ ਤਿੰਨ ਲਗਜ਼ਰੀ ਹੋਟਲਾਂ ਅਤੇ ਤਿੰਨ ਗਿਰਜਾਘਰਾਂ 'ਤੇ ਅੱਤਵਾਦੀ ਹਮਲਿਆਂ ਦੇ ਬਾਅਦ ਇਹ ਸਲਾਹ ਜਾਰੀ ਕੀਤੀ ਸੀ। ਇਨ੍ਹਾਂ ਹਮਲਿਆਂ ਵਿਚ 40 ਵਿਦੇਸ਼ੀਆਂ ਸਮੇਤ ਕਰੀਬ 260 ਲੋਕ ਮਾਰੇ ਗਏ ਸਨ।