ਸ਼੍ਰੀਲੰਕਾ ’ਚ ਐਸਟ੍ਰਾਜੇਨੇਕਾ ਵੈਕਸੀਨ ਲੈਣ ਮਗਰੋਂ ਖ਼ੂਨ ਦਾ ਥੱਕਾ ਜੰਮਣ ਨਾਲ 3 ਲੋਕਾਂ ਦੀ ਮੌਤ
Thursday, Apr 22, 2021 - 04:22 PM (IST)
ਕੋਲੰਬੋ : ਕੋਵਿਡ-19 ਖ਼ਿਲਾਫ਼ ਆਕਸਫੋਰਡ ਐਸਟ੍ਰਾਜੇਨੇਕਾ ਦੀ ਵੈਕਸੀਨ ਲੈਣ ਦੇ ਬਾਅਦ ਖ਼ੂਨ ਦੇ ਥੱਕੇ ਜੰਮਣ ਨਾਲ ਸ਼੍ਰੀਲੰਕਾ ਵਿਚ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ। ਸੰਸਦ ਵਿਚ ਵਿਰੋਧੀ ਧਿਰ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਸ਼੍ਰੀਲੰਕਾ ਦੀ ਸਿਹਤ ਮੰਤਰੀ ਪਵਿੱਤਰਾ ਵਨਿਆਰਾਚੀ ਨੇ ਬੁੱਧਵਾਰ ਨੂੰ ਸੰਸਦ ਨੂੰ ਦੱਸਿਆ ਕਿ ਟੀਕਾਕਰਨ ਦੇ ਬਾਅਦ ਘੱਟ ਤੋਂ ਘੱਟ 6 ਲੋਕਾਂ ਨੇ ਖ਼ੂਨ ਦਾ ਥੱਕਾ ਜੰਮ ਦੀ ਸ਼ਿਕਾਇਤ ਕੀਤੀ।
ਸਿਹਤ ਮੰਤਰੀ ਖ਼ੁਦ ਵੀ ਇਹ ਟੀਕਾ ਲਗਵਾ ਚੁੱਕੀ ਹੈ। ਹਾਲਾਂਕਿ ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਖ਼ੂਨ ਦਾ ਥੱਕਾ ਜੰਮਣ ਦੀ ਵਜ੍ਹਾ ਟੀਕਾ ਨਹੀਂ ਹੈ। ਡਬਲਯੂ.ਐਚ.ਏ. ਨੇ ਇਸ ਮਹੀਨੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਗਲੋਬਲ ਪੱਧਰ ’ਤੇ ਟੀਕਾ ਲਗਵਾ ਚੁੱਕੇ ਕਰੀਬ 20 ਕਰੋੜ ਲੋਕਾਂ ਦੇ ਆਧਾਰ ’ਤੇ ਆਕਸਫੋਰਡ ਯੂਨੀਵਰਸਿਟੀ-ਐਸਟ੍ਰਾਜੇਨੇਕਾ ਕੋਰੋਨਾ ਵਾਇਰਸ ਟੀਕੇ ਅਤੇ ਥੱਕਿਆਂ ਦਰਮਿਆਨ ਸਬੰਧ ‘ਮੁਮਕਿਨ’ ਹੈ ਪਰ ‘ਬੇਹੱਦ ਦੁਰਲਭ’। ਭਾਰਤ ਸਰਕਾਰ ਤੋਂ ਮੁਫ਼ਤ ਵਿਚ ਤੋਹਫ਼ੇ ਵਜੋਂ ਮਿਲੇ ਟੀਕਿਆਂ ਦੀ ਖੇਪ ਦੇ ਬਾਅਦ ਸ਼੍ਰੀਲੰਕਾ ਨੇ 29 ਜਵਨਰੀ ਨੂੰ ਟੀਕਾਕਰਨ ਪ੍ਰੋਗਰਾਮ ਸ਼ੁਰੂ ਕੀਤਾ ਸੀ।