ਸ਼੍ਰੀਲੰਕਾ : 200 ਮੌਲਾਨਾ ਸਮੇਤ 600 ਵਿਦੇਸ਼ੀ ਨਾਗਰਿਕਾਂ ਨੂੰ ''ਦੇਸ਼ ਨਿਕਾਲਾ''
Sunday, May 05, 2019 - 04:37 PM (IST)

ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਈਸਟਰ ਸੰਡੇ ਹੋਏ ਆਤਮਘਾਤੀ ਹਮਲੇ ਦੇ ਬਾਅਦ ਹੁਣ ਤੱਕ 200 ਮੌਲਾਨਾ ਸਮੇਤ 600 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇ ਚੁੱਕਾ ਹੈ। ਇਕ ਮੰਤਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਗ੍ਰਹਿ ਮੰਤਰੀ ਵਜੀਰਾ ਅਭੈਵਰਦਨੇ ਨੇ ਕਿਹਾ ਕਿ ਇਹ ਮੌਲਾਨਾ ਕਾਨੂੰਨੀ ਤਰੀਕੇ ਨਾਲ ਦੇਸ਼ ਵਿਚ ਆਏ ਸਨ ਪਰ ਹਮਲਿਆਂ ਦੇ ਬਾਅਦ ਹੋਈ ਸੁਰੱਖਿਆ ਜਾਂਚ ਵਿਚ ਪਾਇਆ ਗਿਆ ਕਿ ਉਹ ਵੀਜ਼ਾ ਮਿਆਦ ਖਤਮ ਹੋਣ ਦੇ ਬਾਅਦ ਵੀ ਦੇਸ਼ ਵਿਚ ਰਹਿ ਰਹੇ ਸਨ। ਇਸ ਲਈ ਉਨ੍ਹਾਂ 'ਤੇ ਜੁਰਮਾਨਾ ਲਗਾ ਕੇ ਦੇਸ਼ ਨਿਕਾਲਾ ਦੇ ਦਿੱਤਾ ਗਿਆ।
ਅਭੈਵਰਦਨੇ ਨੇ ਕਿਹਾ,''ਦੇਸ਼ ਵਿਚ ਸੁਰੱਖਿਆ ਦੀ ਤਾਜ਼ਾ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਵੀਜ਼ਾ ਪ੍ਰਣਾਲੀ ਦੀ ਸਮੀਖਿਆ ਕੀਤੀ ਅਤੇ ਧਾਰਮਿਕ ਆਗੂਆਂ ਲਈ ਵੀਜ਼ਾ ਪਾਬੰਦੀਆਂ ਨੂੰ ਸਖਤ ਕਰਨ ਦਾ ਫੈਸਲਾ ਲਿਆ।'' ਉਨ੍ਹਾਂ ਨੇ ਕਿਹਾ,''ਦੇਸ਼ ਵਿਚੋਂ ਬਾਹਰ ਕੱਢੇ ਗਏ ਲੋਕਾਂ ਵਿਚ 200 ਮੌਲਾਨਾ ਹਨ।'' ਗੌਰਤਲਬ ਹੈ ਕਿ ਸ਼੍ਰੀਲੰਕਾ ਵਿਚ 21 ਅਪ੍ਰੈਲ ਨੂੰ ਈਸਟਰ ਸੰਡੇ ਨੂੰ ਹੋਏ ਬੰਬ ਧਮਾਕਿਆਂ ਵਿਚ 253 ਲੋਕਾਂ ਦੀ ਮੌਤ ਹੋ ਗਈ ਸੀ ਅਤੇ 500 ਤੋਂ ਵੱਧ ਜ਼ਖਮੀ ਹੋਏ ਸਨ। ਇਨ੍ਹਾਂ ਹਮਲਿਆਂ ਨੂੰ ਸਥਾਨਕ ਮੌਲਾਨਾ ਨੇ ਅੰਜਾਮ ਦਿੱਤਾ ਸੀ। ਜਿਸ ਨੇ ਹਮਲੇ ਤੋਂ ਪਹਿਲਾਂ ਗੁਆਂਢੀ ਦੇਸ਼ ਭਾਰਤ ਦਾ ਦੌਰਾ ਕਰਕੇ ਜਿਹਾਦੀਆਂ ਨਾਲ ਸੰਪਰਕ ਬਣਾਏ ਸਨ। ਹਮਲੇ ਦੀ ਜ਼ਿੰਮੇਵਾਰੀ ਇਕ ਸਥਾਨਕ ਜਿਹਾਦੀ ਸਮੂਹ ਨੇ ਲਈ ਸੀ।