ਸਪਾਈਸ ਜੈੱਟ ਨੇ ਕੈਨੇਡਾ ਲਈ ਭਰੀ ਉਡਾਣ, ਰਵਾਨਾ ਹੋਏ ਇੰਨੇ ਨਾਗਰਿਕ
Saturday, Aug 08, 2020 - 04:00 PM (IST)

ਨਵੀਂ ਦਿੱਲੀ/ਓਟਾਵਾ— ਕਿਫ਼ਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸ ਜੈੱਟ ਨੇ ਚਾਰਟਰ ਸੰਚਾਲਨ ਲਈ ਅੱਜ ਕੈਨੇਡਾ ਦੀ ਆਪਣੀ ਪਹਿਲੀ ਉਡਾਣ ਭਰੀ।
ਏਅਰਲਾਈਨ ਨੇ ਦੱਸਿਆ ਕਿ ਉਸ ਦਾ ਚਾਰਟਰ ਜਹਾਜ਼ ਸ਼ਨੀਵਾਰ ਸਵੇਰੇ 8.10 ਵਜੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਕੈਨੇਡਾ ਲਈ ਰਵਾਨਾ ਹੋਇਆ।
ਇਸ ਉਡਾਣ 'ਚ 352 ਕੈਨੇਡਾਈ ਨਾਗਰਿਕ ਸਵਦੇਸ਼ ਵਾਪਸ ਜਾ ਰਹੇ ਹਨ। ਪਹਿਲੀ ਵਾਰ ਦੇਸ਼ ਦੀ ਕਿਸੇ ਕਿਫ਼ਾਇਤੀ ਏਅਰਲਾਈਨ ਨੇ ਉੱਤਰੀ ਅਮਰੀਕਾ ਲਈ ਉਡਾਣ ਭਰੀ ਹੈ। ਇਸ ਲਈ ਉਸ ਨੇ 'ਹਾਈ ਫਲਾਈ' ਤੋਂ ਏਅਰਬੱਸ ਏ-330-900 ਨਿਓ ਜਹਾਜ਼ ਕਿਰਾਏ 'ਤੇ ਲਿਆ ਹੈ।
ਸਪਾਈਸ ਜੈੱਟ ਦੇ ਮੁਖੀ ਅਤੇ ਪ੍ਰਬੰਧਕ ਨਿਰਦੇਸ਼ਕ ਅਜੇ ਸਿੰਘ ਨੇ ਦੱਸਿਆ ਕਿ ਦੇਸ਼ 'ਚ ਲਾਕਡਾਊਨ ਲਾਗੂ ਹੋਣ ਤੋਂ ਬਾਅਦ ਏਅਰਲਾਈਨ ਤਕਰੀਬਨ 85 ਹਜ਼ਾਰ ਲੋਕਾਂ ਨੂੰ ਉਨ੍ਹਾਂ ਦੇ ਆਪਣੇ-ਆਪਣੇ ਦੇਸ਼ ਪਹੁੰਚ ਚੁੱਕੀ ਹੈ, ਜਿਨ੍ਹਾਂ 'ਚ ਵਿਦੇਸ਼ਾਂ ਤੋਂ ਆਉਣ ਵਾਲੇ ਭਾਰਤੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 28 ਹਜ਼ਾਰ ਟਨ ਡਾਕਟਰੀ ਅਤੇ ਹੋਰ ਜ਼ਰੂਰੀ ਸਮੱਗਰੀਆਂ ਦੀ ਸਪਲਾਈ 'ਚ ਯੋਗਦਾਨ ਦੇ ਚੁੱਕੀ ਹੈ।