ਸੁਪਰਸੋਨਿਕ ਟਰੇਨਾਂ ਬਨਾਉਣ ਦੀ ਤਿਆਰੀ ''ਚ ਚੀਨ, 1500 km/h ਹੋਵੇਗੀ ਗਤੀ
Wednesday, Jun 20, 2018 - 05:23 PM (IST)
ਬੀਜਿੰਗ (ਬਿਊਰੋ)— ਚੀਨ ਤਕਨਾਲੋਜੀ ਦੀ ਵਰਤੋਂ ਕਰਨ ਵਿਚ ਸਾਰੇ ਦੇਸ਼ਾਂ ਤੋਂ ਅੱਗੇ ਹੈ। ਉਸ ਵੱਲੋਂ ਕੀਤੀਆਂ ਗਈਆਂ ਖੋਜਾਂ ਨੇ ਪੂਰੀ ਦੁਨੀਆ ਨੂੰ ਹੈਰਾਨ ਕੀਤਾ ਹੈ। ਹੁਣ ਚੀਨ ਅਜਿਹੀਆਂ ਟਰੇਨਾਂ ਬਨਾਉਣੀਆਂ ਚਾਹੁੰਦਾ ਹੈ ਜੋ ਧੁਨੀ ਦੀ ਗਤੀ ਤੋਂ ਵੀ ਤੇਜ਼ ਚੱਲਣ। ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਚੀਨ ਹੁਣ 1500 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲਣ ਵਾਲੀਆਂ ਹਾਈ ਸਪੀਡ ਟਰੇਨਾਂ ਅਤੇ ਪਟੜੀਆਂ ਬਣਾਉਣ ਜਾ ਰਿਹਾ ਹੈ। ਚੀਨ ਦੇ ਇਕ ਅਖਬਾਰ ਨੇ ਆਪਣੇ ਟਵਿੱਟਰ ਅਕਾਊਂਟ ਜ਼ਰੀਏ ਇਸ ਨਾਲ ਜੁੜੀ ਇਕ ਖਬਰ ਸਾਂਝੀ ਕੀਤੀ ਹੈ।
ਦੱਸਣਯੋਗ ਹੈ ਕਿ ਆਵਾਜ਼ ਦੀ ਗਤੀ ਹਵਾ ਵਿਚ ਆਮ ਤੌਰ 'ਤੇ ਪ੍ਰਤੀ ਸੈਕੰਡ 331.2 ਮੀਟਰ ਪ੍ਰਤੀ ਸੈਕੰਡ ਜਾਂ 1192 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਚੀਨ ਜਿਸ ਟਰੇਨ ਨੂੰ ਬਨਾਉਣਾ ਚਾਹੁੰਦਾ ਹੈ ਉਸ ਦੀ ਗਤੀ ਇਸ ਤੋਂ ਵੀ ਜ਼ਿਆਦਾ ਹੋਵੇਗੀ। ਕੱਲ ਦੱਖਣੀ-ਪੱਛਮੀ ਜੀਆਵਟੋਂਗ ਯੂਨੀਵਰਸਿਟੀ ਦੇ ਪ੍ਰੋਫੈਸਰ ਜਾਂਗ ਵੇਈਹੁਆ ਨੇ ਸਾਲ 2018 ਵਰਲਡ ਟਰਾਂਸਪੋਰਟ ਵਿਚ ਇਹ ਜਾਣਕਾਰੀ ਦਿੱਤੀ। ਇਹ ਟਰੇਨ ਵੈਕਿਊਮ ਟਿਊਬ (ਜਿੱਥੇ ਹਵਾ ਮੌਜੂਦ ਨਹੀਂ ਹੁੰਦੀ) ਵਿਚ ਚੱਲੇਗੀ। ਇਸ ਲਈ 1.5 ਕਿਲੋਮੀਟਰ ਲੰਬੇ ਵੈਕਿਊਮ ਟਿਊਬ ਦੀ ਵਰਤੋਂ ਕੀਤੀ ਜਾਵੇਗੀ, ਜਿੱਥੇ ਚੁੰਬਕੀ ਟਰੇਨ ਮਾਡਲ ਦਾ ਪਰੀਖਣ ਕੀਤਾ ਜਾਵੇਗਾ। ਰਿਪੋਰਟ ਮੁਤਾਬਕ ਦੱਖਣੀ-ਪੱਛਮੀ ਜੀਆਵਟੋਂਗ ਯੂਨੀਵਰਸਿਟੀ ਵਿਚ ਇਸ ਲਈ ਇਕ ਪਲੇਟਫਾਰਮ ਬਣਾਇਆ ਜਾਵੇਗਾ, ਜਿਸ ਲਈ ਸਰਕਾਰ ਤੋਂ ਇਜਾਜ਼ਤ ਦਾ ਇੰਤਜ਼ਾਰ ਹੈ। ਇਸ ਮਗਰੋਂ ਇਸ ਦੇ ਨਿਰਮਾਣ ਕੰਮ ਵਿਚ 31 ਮਹੀਨੇ ਲੱਗਣਗੇ। ਰਿਪੋਰਟ ਮੁਤਾਬਕ ਸਾਲ 2021 ਤੱਕ ਇਸ ਟਰੇਨ ਦਾ ਪਰੀਖਣ ਕੀਤਾ ਜਾ ਸਕਦਾ ਹੈ।
