ਔਰਤਾਂ ਨੂੰ ਹਰ ਮਹੀਨੇ ਮਿਲੇਗੀ 'ਮਾਹਵਾਰੀ ਛੁੱਟੀ', ਇਹ ਦੇਸ਼ ਬਣਾਉਣ ਜਾ ਰਿਹੈ ਕਾਨੂੰਨ

05/12/2022 4:06:31 PM

ਮੈਡ੍ਰਿਡ: ਮਾਹਵਾਰੀ ਦੌਰਾਨ ਔਰਤਾਂ ਨੂੰ ਤੇਜ਼ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਇਹ ਦਰਦ ਉਨ੍ਹਾਂ ਦੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ 'ਤੇ ਵੀ ਅਸਰ ਪਾਉਂਦਾ ਹੈ। ਸਪੇਨ ਮਾਹਵਾਰੀ ਦੇ ਦਰਦ ਕਾਰਨ ਔਰਤਾਂ ਨੂੰ 'ਮਾਹਵਾਰੀ ਛੁੱਟੀ' ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਪੱਛਮੀ ਦੇਸ਼ ਬਣਨ ਲਈ ਤਿਆਰ ਹੈ। ਇਹ ਛੁੱਟੀ ਹਰ ਮਹੀਨੇ ਤਿੰਨ ਦਿਨਾਂ ਦੀ ਹੋ ਸਕਦੀ ਹੈ। ਸਪੇਨ ਦੇ ਕੈਡੇਨਾ ਸੇਰ ਰੇਡੀਓ ਸਟੇਸ਼ਨ ਦੇ ਅਨੁਸਾਰ, ਸਪੇਨ ਦੀ ਸਰਕਾਰ ਇਸ ਫ਼ੈਸਲੇ 'ਤੇ ਮੋਹਰ ਲਗਾਉਣ ਜਾ ਰਹੀ ਹੈ। ਡੇਲੀਮੇਲ ਦੀ ਖ਼ਬਰ ਮੁਤਾਬਕ ਜਾਪਾਨ, ਦੱਖਣੀ ਕੋਰੀਆ, ਇੰਡੋਨੇਸ਼ੀਆ ਅਤੇ ਜ਼ੈਂਬੀਆ ਵਰਗੇ ਹੋਰ ਦੇਸ਼ ਪਹਿਲਾਂ ਹੀ ਔਰਤਾਂ ਲਈ ਮਾਹਵਾਰੀ ਛੁੱਟੀ ਨੂੰ ਮਨਜ਼ੂਰੀ ਦੇ ਚੁੱਕੇ ਹਨ। ਮੰਗਲਵਾਰ ਨੂੰ ਸਪੇਨ ਦੀ ਕੈਬਨਿਟ ਦੀ ਅਗਲੀ ਬੈਠਕ 'ਚ ਪਾਸ ਕੀਤੇ ਜਾਣ ਵਾਲੇ ਇਸ ਸੁਧਾਰ ਪੈਕੇਜ ਦੇ ਤਹਿਤ ਸਕੂਲਾਂ ਨੂੰ ਜ਼ਰੂਰਤਮੰਦ ਲੜਕੀਆਂ ਲਈ ਸੈਨੇਟਰੀ ਪੈਡ ਦਾ ਪ੍ਰਬੰਧ ਕਰਨਾ ਹੋਵੇਗਾ। ਸਮਾਨਤਾ ਅਤੇ ਲਿੰਗ ਹਿੰਸਾ ਵਿਰੁੱਧ ਰਾਜ ਸਕੱਤਰ ਐਂਜੇਲਾ ਰੋਡਰਿਗਜ਼ ਨੇ 3 ਮਾਰਚ ਨੂੰ ਇਸ ਪੈਕੇਜ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ: ਅਮਰੀਕਾ ’ਚ ਡਰੱਗਜ਼ ਦੀ ਓਵਰਡੋਜ਼ ਨਾਲ 2021’ਚ ਹੋਈਆਂ 1,07,000 ਰਿਕਾਰਡ ਮੌਤਾਂ

ਰੋਡਰਿਗਜ਼ ਦੁਆਰਾ ਘੋਸ਼ਿਤ ਪੈਕੇਜ ਵਿੱਚ ਮਾਹਵਾਰੀ ਸਿਹਤ ਅਤੇ ਪ੍ਰਜਨਨ ਸਿਹਤ ਦੀ ਗਾਰੰਟੀ ਸ਼ਾਮਲ ਹੈ। ਇਸ ਵਿੱਚ ਗਰਭਪਾਤ ਕਰਵਾਉਣ ਵਾਲੀਆਂ ਔਰਤਾਂ ਲਈ ਛੁੱਟੀ ਵੀ ਸ਼ਾਮਲ ਸੀ। ਰੋਡਰਿਗਜ਼ ਨੇ ਕਿਹਾ ਕਿ ਮਾਹਵਾਰੀ ਸਿਹਤ ਸੰਬੰਧੀ ਅਧਿਕਾਰਾਂ ਬਾਰੇ ਕਦੇ ਵੀ ਚਰਚਾ ਨਹੀਂ ਕੀਤੀ ਜਾਂਦੀ ਅਤੇ ਇਸ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਚਾਰ ਵਿੱਚੋਂ ਇੱਕ ਔਰਤ ਵਿੱਤੀ ਕਾਰਨਾਂ ਕਰਕੇ ਹਾਈਜੀਨ ਉਤਪਾਦ ਖ਼ਰੀਦਣ ਵਿੱਚ ਅਸਮਰੱਥ ਹੈ, ਜੋ ਉਹ ਖ਼ਰੀਦਣਾ ਚਾਹੁੰਦੀ ਹੈ। ਇਸ ਲਈ ਅਸੀਂ ਉਹਨਾਂ ਨੂੰ ਵਿਦਿਅਕ ਅਤੇ ਸਮਾਜਿਕ ਕੇਂਦਰਾਂ ਵਿੱਚ ਮੁਫਤ ਦੇਣ ਦਾ ਪ੍ਰਸਤਾਵ ਰੱਖਿਆ ਹੈ। ਇਸ ਮਾਹਵਾਰੀ ਛੁੱਟੀ ਦਾ ਉਦੇਸ਼ ਉਨ੍ਹਾਂ ਔਰਤਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ, ਜਿਨ੍ਹਾਂ ਨੂੰ ਅਕਸਰ ਮਾਹਵਾਰੀ ਦੌਰਾਨ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਗੰਭੀਰ ਦਰਦ ਨੂੰ ਡਿਸਮੇਨੋਰੀਆ ਕਿਹਾ ਜਾਂਦਾ ਹੈ। ਰੋਡਰਿਗਜ਼ ਨੇ ਕਿਹਾ ਕਿ ਇਹ ਸਪੱਸ਼ਟ ਕਰਨਾ ਬਹੁਤ ਜ਼ਰੂਰੀ ਹੈ ਕਿ ਦਰਦ ਤੋਂ ਸਾਡਾ ਮਤਲਬ ਬੇਅਰਾਮੀ (ਡਿਸਕੰਫਰਟ) ਤੋਂ ਨਹੀਂ ਹੈ। ਇਸ ਦਾ ਅਰਥ ਤੇਜ਼ ਦਰਦ, ਸਿਰ ਦਰਦ ਅਤੇ ਬੁਖ਼ਾਰ ਨਾਲ ਹੈ।

ਇਹ ਵੀ ਪੜ੍ਹੋ: ਰਨਵੇਅ ਤੋਂ ਉਤਰਦੇ ਹੀ ਜਹਾਜ਼ ਨੂੰ ਲੱਗੀ ਭਿਆਨਕ ਅੱਗ, 122 ਲੋਕ ਸਨ ਸਵਾਰ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News