ਸਪੇਨ : 107 ਸਾਲਾ ਬੇਬੇ ਨੇ ਕੋਰੋਨਾ ਨੂੰ ਹਰਾਇਆ, ਸਪੈਨਿਸ਼ ਫਲੂ ਨੂੰ ਵੀ ਦਿੱਤੀ ਸੀ ਮਾਤ

04/26/2020 2:24:50 AM

ਮੈਡ੍ਰਿਡ (ਏਜੰਸੀ)- ਸਪੇਨ 'ਚ ਕੋਰੋਨਾ ਵਾਇਰਸ ਨੂੰ ਹਰਾ ਕੇ 107 ਸਾਲ ਦੀ ਬਜ਼ੁਰਗ ਔਰਤ ਠੀਕ ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਉਹ ਜਦੋਂ ਪੰਜ ਸਾਲ ਦੀ ਸੀ ਤਾਂ ਸਪੈਨਿਸ਼ ਫਲੂ ਨੂੰ ਵੀ ਮਾਤ ਦਿੱਤੀ ਸੀ। ਸਪੇਨ ਦੇ ਇੰਗਲਿਸ਼ ਅਖਬਾਰ ਓਲਿਵ ਪ੍ਰੈਸ ਮੁਤਾਬਕ ਇਸ ਬਜ਼ੁਰਗ ਔਰਤ ਦਾ ਨਾਂ ਐਨਾ ਡੇਲ ਵੈਲੇ ਹੈ। ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਨਾਲ ਠੀਕ ਹੋਣ ਵਾਲੀ ਦੁਨੀਆ ਦੀ ਸਭ ਤੋਂ ਜ਼ਿਆਦਾ ਉਮਰ ਦੀ ਬਜ਼ੁਰਗ ਹੈ।
ਅਖਬਾਰ ਦੀ ਖਬਰ ਮੁਤਾਬਕ ਐਨਾ ਦੇ ਨਾਲ 60 ਲੋਕ ਹੋਰ ਇਨਫੈਕਟਿਡ ਹੋਏ ਸਨ। ਹੁਣ ਉਹ ਠੀਕ ਹੋ ਚੁੱਕੀ ਹੈ। ਉਨ੍ਹਾਂ ਦਾ ਜਨਮ ਅਕਤੂਬਰ 1913 ਵਿਚ ਹੋਇਆ ਸੀ। ਜਦੋਂ ਉਹ ਪੰਜ ਸਾਲ ਦੀ ਸੀ, ਉਦੋਂ ਉਹ ਸਪੈਨਿਸ਼ ਫਲੂ ਦੀ ਲਪੇਟ ਵਿਚ ਆਈ ਸੀ ਅਤੇ ਠੀਕ ਵੀ ਹੋ ਗਈ ਸੀ। ਜਨਵਰੀ 1918 ਤੋਂ ਦਸੰਬਰ 1920 ਤੱਕ ਸਪੈਨਿਸ਼ ਫਲੂ ਦਾ ਕਹਿਰ ਰਿਹਾ ਸੀ। ਇਸ ਮਹਾਂਮਾਰੀ ਨਾਲ ਦੁਨੀਆ ਦੀ ਇਕ ਤਿਹਾਈ ਆਬਾਦੀ (50 ਕਰੋੜ ਲੋਕ) ਖਤਮ ਹੋ ਗਈ ਸੀ।

ਅਖਬਾਰ ਵਿਚ ਦੱਸਿਆ ਗਿਆ ਹੈ ਕਿ ਸਪੈਨਿਸ਼ ਫਲੂ ਨੂੰ ਹਰਾਉਣ ਵਾਲੀ ਐਨਾ ਨੇ 102 ਸਾਲ ਬਾਅਦ ਕੋਰੋਨਾ ਵਾਇਰਸ ਨੂੰ ਵੀ ਹਰਾ ਦਿੱਤਾ। ਹੋਰ ਮੀਡੀਆ ਰਿਪੋਰਟਾਂ ਮੁਤਾਬਕ ਸਪੇਨ ਵਿਚ 101 ਸਾਲ ਦੀਆਂ ਦੋ ਹੋਰ ਬਜ਼ੁਰਗ ਔਰਤਾਂ ਨੇ ਕੋਵਿਡ-19 'ਤੇ ਜਿੱਤ ਹਾਸਲ ਕੀਤੀ ਹੈ। ਓਲਿਵ ਪ੍ਰੈਸ ਦੀ ਰਿਪੋਰਟ ਮੁਤਾਬਕ, ਐਨਾ ਦਾ ਮਾਮਲਾ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ। ਐਨਾ ਦੀ ਨੂੰਹ ਪਾਕੁਈ ਸਾਂਚੇਜ ਨੇ ਹਸਪਤਾਲ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਐਨਾ ਦੀ ਉਮਰ ਜ਼ਿਆਦਾ ਹੋਣ ਕਾਰਨ ਡਾਕਟਰਾਂ ਨੇ ਬਹੁਤ ਧਿਆਨ ਨਾਲ ਕੰਮ ਕੀਤਾ। ਐਨਾ ਹੁਣ ਠੀਕ ਹੈ। ਉਹ ਵਾਕਰ ਦੀ ਮਦਦ ਨਾਲ ਚੱਲਦੀ ਹੈ ਅਤੇ ਖੁਦ ਹੀ ਖਾਣਾ ਵੀ ਖਾਂਦੀ ਹੈ।
ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਇਨਫੈਕਟਿਡ ਮਾਮਲੇ ਸਪੇਨ ਵਿਚ ਹੀ ਹਨ। ਇਥੇ ਹੁਣ ਤੱਕ 22 ਹਜ਼ਾਰ 524 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਤਕਰੀਬਨ ਦੋ ਲੱਖ 20 ਹਜ਼ਾਰ ਲੋਕ ਇਨਫੈਕਟਿਡ ਹਨ। ਅਜੇ ਤੱਕ 92 ਹਜ਼ਾਰ 355 ਲੋਕ ਠੀਕ ਵੀ ਹੋ ਚੁੱਕੇ ਹਨ।  

 


Sunny Mehra

Content Editor

Related News