ਦੱਖਣੀ ਕੋਰੀਆਈ ਪਰਿਵਾਰ ਦਾ ਨਹੀਂ ਹੋਵੇਗਾ ਆਸਟ੍ਰੇਲੀਆ ''ਚੋਂ ਦੇਸ਼ ਨਿਕਾਲਾ

08/10/2017 4:50:21 PM

ਮੈਲਬੋਰਨ, (ਜੁਗਿੰਦਰ ਸੰਧੂ)— ਮੈਲਬੋਰਨ ਵਿਚ ਪਿਛਲੇ 9 ਸਾਲਾਂ ਤੋਂ ਰਹਿ ਰਹੇ ਦੱਖਣੀ ਕੋਰੀਆ ਦੇ ਇਕ ਪਰਿਵਾਰ ਨੂੰ ਹੁਣ ਆਸਟ੍ਰੇਲੀਆ 'ਚੋਂ ਦੇਸ਼ ਨਿਕਾਲੇ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਆਸਟ੍ਰੇਲੀਆ ਦੇ ਇਮੀਗਰੇਸ਼ਨ ਮੰਤਰਾਲੇ ਨੇ ਪਰਿਵਾਰ ਦੀ ਆਖਰੀ ਅਪੀਲ 'ਤੇ ਸੁਣਵਾਈ ਕਰਦਿਆਂ ਅਦਾਲਤ ਦੇ ਉਸ ਫੈਸਲੇ ਨੂੰ ਪਲਟ ਦਿੱਤਾ ਹੈ, ਜਿਸ 'ਚ ਡੇਵਿਡ ਲੀ ਅਤੇ ਉਸ ਦੇ ਪਰਿਵਾਰ ਨੂੰ 28 ਸਤੰਬਰ 2017 ਤੱਕ ਆਸਟ੍ਰੇਲੀਆ ਛੱਡ ਜਾਣ ਲਈ ਕਹਿ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਡੇਵਿਡ ਲੀ ਦਾ ਪਰਿਵਾਰ 2008 ਵਿਚ ਆਸਟ੍ਰੇਲੀਆ ਆ ਕੇ ਵੱਸ ਗਿਆ ਸੀ, ਜਿਥੇ ਮੈਲਬੋਰਨ 'ਚ ਉਨ੍ਹਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਜੋ ਕਿ ਕਾਫੀ ਵੱਡੇ ਪੱਧਰ ਤੱਕ ਫੈਲ ਚੁੱਕਾ ਹੈ। ਇਸ ਦੌਰਾਨ ਲੀ ਪਰਿਵਾਰ ਨੇ ਆਸਟ੍ਰੇਲੀਆ ਦੀ ਪੱਕੀ ਰਿਹਾਇਸ਼ ਲੈਣ ਵਾਸਤੇ ਇਕ ਏਜੰਟ ਰਾਹੀਂ ਕਾਗਜ਼ੀ ਕਾਰਵਾਈ ਸ਼ੁਰੂ ਕੀਤੀ। ਉਕਤ ਏਜੰਟ ਪਰਿਵਾਰ ਤੋਂ ਇਕ ਲੱਖ ਡਾਲਰ ਠੱਗ ਕੇ ਫਰਾਰ ਹੋ ਗਿਆ ਅਤੇ ਕਾਗਜ਼ ਵੀ ਜਾਅਲੀ ਤਿਆਰ ਕਰ ਦਿੱਤੇ। ਇਸ ਗੱਲ ਦਾ ਭੇਤ ਖੁੱਲ੍ਹਣ ਪਿਛੋਂ ਮੈਲਬੋਰਨ ਦੀ ਇਕ ਅਦਾਲਤ ਨੇ ਪਰਿਵਾਰ ਨੂੰ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ ਸੀ। ਪਰਿਵਾਰ ਵਲੋਂ ਇਸ ਸੰਬੰਧ ਵਿਚ ਅੰਤਮ ਅਪੀਲ ਇਮੀਗਰੇਸ਼ਨ ਮੰਤਰਾਲੇ ਕੋਲ ਕੀਤੀ, ਜਿਥੇ ਮੰਤਰੀ ਐਲੈਕਸ ਹਾਕ ਨੇ ਉਨ੍ਹਾਂ ਦੇ ਹੱਕ ਵਿਚ ਫੈਸਲਾ ਦਿੱਤਾ। ਇਸ ਫੈਸਲੇ ਨਾਲ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ।

 


Related News