ਦੱਖਣ ਕੋਰੀਆ ਵਿਚ ਪਹਿਲੇ ਭਾਰਤੀ ਪੈਰਾ ਕਮਾਂਡੋ ਨੂੰ ਕੋਰੀਆਈ ਵਾਰ ਹੀਰੋ ਦਾ ਸਨਮਾਨ

11/29/2019 4:03:33 PM

ਸਿਓਲ- ਦੱਖਣ ਕੋਰੀਆ ਨੇ 1950-53 ਦੇ ਵਿਚਾਲੇ ਹੋਏ ਕੋਰਿਆਈ ਯੁੱਧ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਭਾਰਤੀ ਫੌਜ ਦੇ ਲੈਫਟੀਨੈਂਟ ਕਰਨਲ (ਸਵਰਗਵਾਸੀ) ਏ.ਜੀ. ਰੰਗਰਾਜ ਨੂੰ ਦੇਸ਼ ਦੇ ਸਭ ਤੋਂ ਵੱਡੇ ਜੰਗੀ ਸਨਮਾਨ ‘ਵਾਰ ਹੀਰੋ’ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। 2020 ਵਿਚ ਇਸ ਲੜਾਈ ਨੂੰ 70 ਸਾਲ ਹੋਣ ਜਾ ਰਹੇ ਹਨ। ਇਸ ਮੌਕੇ ਦੱਖਣ ਕੋਰੀਆ ਵਲੋਂ ਇਸ ਸਨਮਾਨ ਦਾ ਐਲਾਨ ਕੀਤਾ ਗਿਆ ਹੈ। 

ਦੱਖਣ ਕੋਰੀਆ ਦੇ ਵਾਰ-ਵੇਟਰਨ ਮੰਤਰਾਲਾ ਵਲੋਂ ਹਰ ਸਾਲ ਲੜਾਈ ਦੀ ਯਾਦ ਵਿਚ ਇਸ ਸਨਮਾਨ ਦਾ ਐਲਾਨ ਕੀਤਾ ਜਾਂਦਾ ਹੈ। ਲੈਫਟੀਨੈਂਟ ਕਰਨਲ ਏ.ਜੀ. ਰੰਗਰਾਜ ਦੀ ਅਗਵਾਈ ਵਿਚ 60ਵੀਂ ਪੈਰਾਸ਼ੂਟ ਫੀਲਡ ਐਂਬੂਲੈਂਸ ਨੇ ਨਾਰਥ ਤੇ ਸਾਊਥ ਕੋਰੀਆ ਦੇ ਵਿਚਾਲੇ ਹੋਈ ਜੰਗ ਵਿਚ ਮੋਬਾਇਲ ਆਰਮੀ ਸਰਜੀਕਲ ਹਸਪਤਾਲ (MASH) ਨੂੰ ਚਲਾਇਆ ਸੀ। ਭਾਰਤ ਵਲੋਂ ਇਹ ਸਹੂਲਤ ਤਿੰਨ ਸਾਲ ਲਈ ਸ਼ੁਰੂ ਕੀਤੀ ਗਈ ਸੀ, ਇਸ ਲਈ ਬਾਅਦ ਵਿਚ ਏ.ਜੀ. ਰੰਗਰਾਜ ਨੂੰ ਮਹਾਂ ਵੀਰਚੱਕਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 

ਸਿਓਲ ਵਿਚ ਮੌਜੂਦ ਕੋਰੀਅਨ ਵਾਰ ਮੈਮੋਰੀਅਲ ਵਿਚ ਅਗਲੇ ਸਾਲ ਜੁਲਾਈ 2020 ਵਿਚ ਲੈਫਟੀਨੈਂਟ ਕਰਨਲ ਏ.ਜੀ. ਰੰਗਰਾਜ ਦੀ ਵੱਡੀ ਤਸਵੀਰ ਲਗਾਈ ਜਾਵੇਗੀ। ਵਾਰ ਮੈਮੋਰੀਅਲ ਵਿਚ ਭਾਰਤ ਦੇ ਨਾਮ ਦਾ ਇਕ ਵੱਖ ਸੈਕਸ਼ਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕੋਰੀਆ ਦੀਆਂ ਕਈ ਜਨਤਕ ਥਾਵਾਂ 'ਤੇ ਵੀ ਵੱਡੇ ਕਟਆਊਟ ਨੂੰ ਲਗਾਇਆ ਜਾਵੇਗਾ। 

ਨਵੀਂ ਦਿੱਲੀ ਸਥਿਤ ਕੋਰੀਅਨ ਅੰਬੈਸੀ ਦੇ ਕਰਨਲ ਲੀ ਇਨ ਮੁਤਾਬਕ ਕੋਰੀਆ ਵਲੋਂ ਇਸ ਸਨਮਾਨ ਨੂੰ ਉਨ੍ਹਾਂ ਦੇ ਮਹਾਨ ਕੰਮ ਲਈ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਕੋਰੀਅਨ ਵਾਰ ਵਿਚ ਸੰਯੁਕਤ ਰਾਸ਼ਟਰ ਵਲੋਂ ਫੋਰਸ ਭੇਜੀ ਗਈ ਸੀ, ਉਸ ਵੇਲੇ ਸੋਵੀਅਤ ਯੂਨੀਅਨ ਤੇ ਚੀਨ ਜਿਹੇ ਦੇਸ਼ਾਂ ਨੇ ਨਾਰਥ ਕੋਰੀਆ ਦੀ ਸਪੋਰਟ ਕੀਤੀ ਸੀ ਪਰ ਭਾਰਤ ਸਾਊਥ ਕੋਰੀਆ ਦੇ ਨਾਲ ਸੀ। 

ਹਾਲਾਂਕਿ, ਭਾਰਤ ਦੀ ਭੂਮਿਕਾ ਮੁੱਖ ਤੌਰ 'ਤੇ ਨਿਊਟਰਲ ਰਹੀ ਸੀ ਕਿਉਂਕਿ ਜਿਸ ਮੋਬਾਇਲ ਮਿਲਿਟਰੀ ਐਂਬੂਲੈਂਸ ਪਲਾਟੂਨ ਦੀ ਅਗਵਾਈ ਏ.ਜੀ. ਰੰਗਰਾਜ ਕਰ ਰਹੇ ਸਨ, ਉਸ ਨੇ ਲੜਾਈ ਦੇ ਮੈਦਾਨ ਵਿਚ ਕੰਮ ਕੀਤਾ ਸੀ। ਏ.ਜੀ. ਰੰਗਰਾਜ ਜਿਸ ਪਲਾਟੂਨ ਦੀ ਅਗਵਾਈ ਕਰ ਰਹੇ ਸਨ ਉਸ ਵਿਚ ਕੁੱਲ 627 ਜਵਾਨ ਸਨ।


Baljit Singh

Content Editor

Related News