ਦੱਖਣੀ ਕੋਰੀਆ ਦੇ ਪਰਿਵਾਰ ਨੂੰ ਛੱਡਣਾ ਪਵੇਗਾ ਆਸਟਰੇਲੀਆ, ਸਰਕਾਰ ਨੇ ਆਖਰੀ ਅਪੀਲ ਵੀ ਕੀਤੀ ਰੱਦ

07/24/2017 3:24:30 PM

ਮੈਲਬੌਰਨ- (ਜੁਗਿੰਦਰ ਸੰਧੂ)- ਦੱਖਣੀ ਕੋਰੀਆ ਦੇ ਇਕ ਪਰਿਵਾਰ ਨੂੰ ਆਖਰਕਾਰ ਆਸਟਰੇਲੀਆ ਛੱਡਣ ਲਈ ਮਜਬੂਰ ਹੋਣਾ ਪਵੇਗਾ ਕਿਉਂਕਿ ਉਸ ਦੀ ਆਖਰੀ ਅਪੀਲ ਵੀ ਸਰਕਾਰ ਵਲੋਂ ਰੱਦ ਕਰ ਦਿੱਤੀ ਗਈ ਹੈ। ਇਸ ਪਰਿਵਾਰ ਉੱਤੇ ਦੋਸ਼ ਹੈ ਕਿ ਉਸ ਨੇ ਆਸਟਰੇਲੀਆ ਦੀ ਪੱਕੀ ਰਿਹਾਇਸ਼ ਹਾਸਲ ਕਰਨ ਲਈ ਕਾਨੂੰਨ ਦਾ ਪੂਰੀ ਤਰ੍ਹਾਂ ਪਾਲਣ ਨਹੀਂ ਕੀਤਾ। ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਵੀ ਗਲਤ ਕੰਮ ਨਹੀਂ ਕੀਤਾ ਅਤੇ ਨਾ ਹੀ ਕੋਈ ਗੜਬੜ। ਉਨ੍ਹਾਂ ਦੇ ਏਜੰਟ ਨੇ ਗੜਬੜੀ ਕੀਤੀ ਹੈ ਜਿਹੜਾ ਉਨ੍ਹਾਂ ਦੇ ਇਕ ਲੱਖ ਡਾਲਰ ਲੈ ਕੇ ਫਰਾਰ ਹੋ ਗਿਆ ਹੈ। 
ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਦੇ ਡੇਵਿਡ ਲੀ ਦਾ ਪਰਿਵਾਰ 9 ਸਾਲ ਪਹਿਲਾਂ ਆਸਟਰੇਲੀਆ ਵਿਚ ਆ ਕੇ ਵੱਸਿਆ ਸੀ ਅਤੇ ਉਸ ਦਾ ਚੰਗਾ ਕਾਰੋਬਾਰ ਵੀ ਹੈ ਲੀ ਦੇ ਦੋ ਬੱਚੇ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਰਹੇ ਹਨ। ਸਰਕਾਰ ਵਲੋਂ ਇਸ ਪਰਿਵਾਰ ਦਾ ਤਸੱਲੀਬਖ਼ਸ਼ ਜੁਆਬ ਵੀ ਨਹੀਂ ਦਿੱਤਾ ਗਿਆ ਕਿ ਲੀ ਦੇ ਆਸਟਰੇਲੀਆ ਛੱਡਣ ਪਿਛੋਂ ਉਸ ਦੇ ਕਾਰੋਬਾਰ ਦਾ ਕੀ ਹੋਵੇਗਾ। ਇਮੀਗ੍ਰੇਸ਼ਨ ਵਿਭਾਗ ਵਲੋਂ ਇਕ ਪੱਤਰ ਲਿਖ ਕੇ ਪਰਿਵਾਰ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਆਖਰੀ ਅਪੀਲ ਵੀ ਰੱਦ ਹੋ ਗਈ ਹੈ, ਇਸ ਲਈ ਉਨ੍ਹਾਂ ਨੂੰ ਦੇਸ਼ ਛੱਡਣਾ ਪਵੇਗਾ। ਡੇਵਿਡ ਲੀ ਨੇ ਇਮੀਗ੍ਰੇਸ਼ਨ ਮੰਤਰੀ ਪੀਟਰ ਨੂੰ ਇਸ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਕਿਸ ਗਲਤੀ ਦੀ ਸਜ਼ਾ ਦਿੱਤੀ ਜਾ ਰਹੀ ਹੈ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਲੀ ਪਰਿਵਾਰ ਨੂੰ ਆਸਟਰੇਲੀਆ ਵਿਚੋਂ ਕੱਢਣ ਸੰਬੰਧੀ ਫੈਸਲੇ ਦਾ ਵਿਰੋਧ ਕੀਤਾ। 


Related News