ਦੱਖਣੀ ਕੋਰੀਆ ''ਚ ਕੋਰੋਨਾ ਦੇ 63 ਨਵੇਂ ਮਾਮਲੇ ਆਏ ਸਾਹਮਣੇ

07/04/2020 10:31:43 AM

ਸਿਓਲ (ਭਾਸ਼ਾ) : ਦੱਖਣੀ ਕੋਰੀਆ ਦੇ ਵੱਖ-ਵੱਖ ਹਿੱਸਿਆਂ ਵਿਚ ਕੋਵਿਡ-19 ਦੇ ਨਵੇਂ ਮਾਮਲੇ ਆਉਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ ਅਤੇ ਹੁਣ ਦੇਸ਼ ਵਿਚ ਕੋਰੋਨਾ ਦੇ 63 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੀਆ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਵੱਲੋਂ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ ਪੀੜਤਾਂ ਦੀ ਗਿਣਤੀ 13,030 'ਤੇ ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ 283 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਵੇਂ 63 ਮਾਮਲਿਆਂ ਵਿਚੋਂ 28 ਮਾਮਲੇ ਸੰਘਣੀ ਆਬਾਦੀ ਵਾਲੇ ਸਿਓਲ ਮੈਟਰੋਪੋਲੀਟਨ ਇਲਾਕੇ ਤੋਂ ਸਾਹਮਣੇ ਆਏ ਹਨ, ਜਿੱਥੇ ਦੱਖਣੀ ਕੋਰੀਆ ਦੀ 5.1 ਕਰੋੜ ਦੀ ਕੁੱਲ ਜਨਸੰਖਿਆ ਦੀ ਅੱਧੀ ਆਬਾਦੀ ਰਹਿੰਦੀ ਹੈ।

ਬੁਸਾਨ, ਦਾਏਗੂ, ਦਾਜਿਓਨ ਅਤੇ ਗਵਾਂਗਝੂ ਵਰਗੇ ਪ੍ਰਮੁੱਖ ਸ਼ਹਿਰਾਂ ਵਿਚ ਵੀ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਸੈਂਕੜੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਮਾਜਕ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ। ਉਥੇ ਹੀ 27 ਮਾਮਲੇ ਵਿਦੇਸ਼ ਤੋਂ ਆਏ ਯਾਤਰੀਆਂ ਨਾਲ ਜੁੜੇ ਹਨ। ਦੱਖਣੀ ਕੋਰੀਆ ਨੇ ਵਿਦੇਸ਼ ਤੋਂ ਪਰਤਣ ਵਾਲੇ ਯਾਤਰੀਆਂ ਲਈ 2 ਹਫ਼ਤੇ ਤੱਕ ਲਾਜ਼ਮੀ ਰੂਪ ਨਾਲ ਇਕਾਂਤਵਾਸ ਵਿਚ ਰਹਿਣ ਦਾ ਨਿਯਮ ਅਪ੍ਰੈਲ ਤੋਂ ਹੀ ਲਾਗੂ ਕੀਤਾ ਹੋਇਆ ਹੈ। ਸਿਹਤ ਅਧਿਕਾਰੀਆਂ ਲਈ ਪੀੜਤ ਲੋਕਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਉਣਾ ਮੁਸ਼ਕਲ ਸਾਬਤ ਹੋ ਰਿਹਾ ਹੈ। ਸਿਓਲ ਸਰਕਾਰ ਨੇ ਅਰਥ ਵਿਵਸਥਾ ਨੂੰ ਨੁਕਸਾਨ ਪੁੱਜਣ  ਦੀਆਂ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਸਾਮਾਜਕ ਦੂਰੀ ਦੇ ਸਖ਼ਤ ਨਿਯਮਾਂ ਨੂੰ ਫਿਰ ਤੋਂ ਲਾਗੂ ਕਰਨ ਦੀਆਂ ਅਪੀਲਾਂ ਨੂੰ ਠੁਕਰਾ ਦਿੱਤਾ ਹੈ। ਸਰਕਾਰ ਨੇ ਅਪ੍ਰੈਲ ਦੇ ਮੱਧ ਵਿਚ ਇਨ੍ਹਾਂ ਨਿਯਮਾਂ ਵਿਚ ਢੀਲ ਦਿੱਤੀ ਸੀ।


cherry

Content Editor

Related News