ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਤੋਂ ਆਈ ਬੁਰੀ ਖਬਰ, ਸੜਕ ਹਾਦਸੇ ''ਚ ਖਿਡਾਰਣ ਦੀ ਮੌਤ

04/10/2018 5:32:15 PM

ਐਡੀਲੇਡ— ਦੱਖਣੀ ਆਸਟ੍ਰੇਲੀਅਨ ਫੁੱਟਬਾਲਰ ਖਿਡਾਰਣ ਏਲਨ ਮੈਂਪਲ ਦੀ ਕਾਰ ਹਾਦਸੇ 'ਚ ਦਰਦਨਾਕ ਮੌਤ ਹੋ ਗਈ। 22 ਸਾਲ ਮੈਂਪਲ ਦੀ ਕਾਰ ਦੱਖਣੀ-ਪੱਛਮੀ ਐਡੀਲੇਡ ਦੇ ਡਾਇਗਨਲ ਰੋਡ 'ਤੇ 8 ਅਪ੍ਰੈਲ ਦੀ ਰਾਤ ਨੂੰ ਤਕਰੀਬਨ 10.00 ਵਜੇ ਇਕ ਬਿਜਲੀ ਦੀ ਖੰਭੇ ਨਾਲ ਟਕਰਾ ਗਈ, ਜਿਸ ਕਾਰਨ ਮੈਂਪਲ ਦੀ ਮੌਤ ਹੋ ਗਈ। ਇਸ ਹਾਦਸੇ ਕਾਰਨ ਬਹੁਤ ਸਾਰੀਆਂ ਤਾਰਾਂ ਝੁੱਕ ਗਈਆਂ ਅਤੇ ਬਿਜਲੀ ਗੁੱਲ ਹੋ ਗਈ। 

PunjabKesari
ਨੇੜੇ-ਤੇੜੇ ਦੇ ਵਾਸੀਆਂ ਨੇ ਹਾਦਸੇ ਦੀ ਆਵਾਜ਼ ਸੁਣੀ ਪਰ ਇਸ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ। ਟੱਕਰ ਤੋਂ ਬਾਅਦ ਜ਼ੋਰਦਾਰ ਆਵਾਜ਼ ਆਈ ਅਤੇ ਕਾਰ 'ਚੋਂ ਧੂੰਆਂ ਨਿਕਲਿਆ। ਰਾਹਗੀਰ ਮਦਦ ਲਈ ਆਏ। ਪੈਰਾ-ਮੈਡੀਕਲ ਅਧਿਕਾਰੀਆਂ ਅਤੇ ਲੋਕਾਂ ਦੀ ਮਦਦ ਦੇ ਬਾਵਜੂਦ ਮੈਂਪਲ ਨੂੰ ਬਚਾਇਆ ਨਹੀਂ ਜਾ ਸਕਿਆ। ਮੈਂਪਲ ਦੇ ਸਾਥੀ ਖਿਡਾਰਣਾਂ ਨੇ ਇਸ ਹਾਦਸੇ ਨੂੰ ਲੈ ਕੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਓਧਰ ਸਾਊਥ ਆਸਟ੍ਰੇਲੀਅਨ ਨੈਸ਼ਨਲ ਫੁੱਟਬਾਲ ਲੀਗ ਨੇ ਕਿਹਾ ਕਿ ਮੈਂਪਲ ਮਾਊਂਟ ਲਾਫਟੀ ਫੁੱਟਬਾਲ ਕਲੱਬ ਲਈ ਖੇਡੀ ਸੀ ਅਤੇ ਉਹ 2017-18 ਸੀਜ਼ਨ ਲਈ ਖੇਡਣ ਲਈ ਆਪਣੇ ਆਪ ਨੂੰ ਤਿਆਰ ਕਰ ਰਹੀ ਸੀ। 

PunjabKesari
ਮੈਂਪਲ ਦੇ ਚੱਲੇ ਜਾਣ ਨਾਲ ਫੁੱਟਬਾਲ ਲੀਗ ਨੂੰ ਵੱਡਾ ਘਾਟਾ ਹੋਇਆ ਹੈ ਅਤੇ ਉਨ੍ਹਾਂ ਮੈਂਪਲ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਹੈ। ਮੈਂਪਲ ਖੇਡ ਗਰੁੱਪ 'ਚ ਅਜੇ ਨਵੀਂ ਸੀ ਅਤੇ ਉਸ ਦੀ ਅਜੇ ਸ਼ੁਰੂਆਤ ਹੀ ਸੀ। ਆਸਟ੍ਰੇਲੀਅਨ ਨੈਸ਼ਨਲ ਫੁੱਟਬਾਲ ਲੀਗ ਦੇ ਸੀ. ਈ. ਓ. ਨੇ ਕਿਹਾ ਕਿ ਉਨ੍ਹਾਂ ਨੂੰ ਮੈਂਪਲ ਦੀ ਹਾਦਸੇ 'ਚ ਮੌਤ ਹੋ ਜਾਣ 'ਤੇ ਡੂੰਘਾ ਦੁੱਖ ਲੱਗਾ ਹੈ। ਉਨ੍ਹਾਂ ਕਿਹਾ ਕਿ ਮੈਂ ਮੈਂਪਲ ਦੇ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ। ਮੈਂਪਲ ਦੇ ਦੋਸਤ, ਖਿਡਾਰੀ, ਕੋਚ ਅਤੇ ਕਲੱਬ ਦੇ ਮੈਂਬਰ ਸਾਰੇ ਇਸ ਦੁੱਖ ਭਰੀ ਖਬਰ ਤੋਂ ਦੁਖੀ ਹਨ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੈਨੇਡਾ 'ਚ ਜੂਨੀਅਰ ਹਾਕੀ ਖਿਡਾਰੀਆਂ ਦੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ 'ਚ 15 ਟੀਮ ਮੈਂਬਰਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ।


Related News