ਦੱਖਣੀ ਅਫਰੀਕਾ: 'ਮਹਾਤਮਾ ਗਾਂਧੀ ਇੰਸਟੀਚਿਊਟ' ਵਿਚ ਚੋਰੀ ਕਾਰਨ ਵਿਦਿਆਰਥੀਆਂ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ
Monday, Jul 13, 2020 - 12:51 PM (IST)

ਜੌਹਨਸਬਰਗ- ਦੱਖਣੀ ਅਫਰੀਕਾ ਦੀ ਫੀਨਿਕਸ ਬਸਾਵਟ ਵਿਚ ਭਾਰਤ ਵਲੋਂ ਸਪਾਂਸਰ 'ਮਹਾਤਮਾ ਗਾਂਧੀ ਇੰਸਟੀਚਿਊਟ ਆਫ ਕੰਪਿਊਟਰ ਐਜੂਕੇਸ਼ਨ ਐਂਡ ਇਨਫਾਰਮੇਸ਼ਨ ਟੈਕਨਾਲੋਜੀ ਕੇਂਦਰ ਵਿਚ ਚੋਰੀ ਦੇ ਬਾਅਦ ਇੱਥੇ ਘੱਟ ਫੀਸ ਜਾਂ ਮੁਫਤ ਵਿਚ ਕੰਪਿਊਟਰ ਦੀ ਸਿਖਲਾਈ ਲੈਣ ਵਾਲੇ ਵਿਦਿਆਰਥੀਆਂ ਦਾ ਭਵਿੱਖ ਹਨ੍ਹੇਰੇ ਵਿਚ ਜਾਂਦਾ ਦਿਖਾਈ ਦੇ ਰਿਹਾ ਹੈ। ਵਿਦੇਸ਼ ਸੂਬਾ ਮੰਤਰੀ ਵਿਜੈ ਕੁਮਾਰ ਸਿੰਘ ਨੇ ਅਕਤੂਬਰ 2017 ਵਿਚ ਇਸ ਕੇਂਦਰ ਦਾ ਅਧਿਕਾਰਕ ਤੌਰ 'ਤੇ ਉਦਘਾਟਨ ਕੀਤਾ ਸੀ ਅਤੇ ਇੱਥੇ ਬੁਨਿਆਦੀ ਕੰਪਿਊਟਰ ਸਿਖਲਾਈ ਦਿੱਤੀ ਜਾ ਰਹੀ ਸੀ।
ਫੀਨੀਕਸ ਬਸਤੀ 1904 ਵਿਚ ਮੋਹਨਦਾਸ ਕਰਮਚੰਦ ਗਾਂਧੀ ਨੇ ਬਸਾਈ ਸੀ। ਹਥਿਆਰਾਂ ਨਾਲ ਲੈਸ 6 ਸ਼ੱਕੀਆਂ ਨੇ ਇਕ ਸੁਰੱਖਿਆ ਕਰਮਚਾਰੀ ਨੂੰ ਬੰਨ੍ਹ ਲਿਆ ਤੇ ਇਕ ਵੈਨ ਵਿਚ 29 ਕੰਪਿਊਟਰ ਲੱਦੇ ਤੇ ਫਰਾਰ ਹੋ ਗਏ। ਇਨ੍ਹਾਂ ਵਿਚੋਂ ਭਾਰਤ ਸਰਕਾਰ ਵਲੋਂ ਮੁਹੱਈਆ ਕਰਵਾਏ ਗਏ 20 ਕੰਪਿਊਟਰ ਵੀ ਸਨ। ਇੱਥੋਂ 4 ਹਜ਼ਾਰ ਤੋਂ ਵੱਧ ਲੋਕ ਕੰਪਿਊਟਰ ਸਿਖ ਚੁੱਕੇ ਹਨ। ਸੰਸਥਾ ਮੁੜ ਕੰਪਿਊਟਰ ਖਰੀਦਣ ਲਈ ਪੈਸੇ ਇਕੱਠੇ ਕਰ ਰਹੀ ਹੈ।