ਦੱਖਣੀ ਅਫਰੀਕਾ ’ਚ ਪਹਿਲੇ ਸਮਲਿੰਗੀ ਇਮਾਮ ਦਾ ਕਤਲ
Tuesday, Feb 18, 2025 - 12:25 PM (IST)

ਕੇਪ ਟਾਊਨ (ਏਜੰਸੀ)- ਦੱਖਣੀ ਅਫਰੀਕਾ ’ਚ ਇਕ ਇਮਾਮ ਦਾ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਆਪਣੀ ਕਾਰ ’ਚ ਬੈਠਾ ਹੋਇਆ ਸੀ। ਇਸ ਵਿਅਕਤੀ ਨੂੰ ਪਹਿਲਾ ਸਮਲਿੰਗੀ ਇਮਾਮ ਕਿਹਾ ਜਾਂਦਾ ਹੈ। ਕੁਝ ਲੋਕ ਕਹਿੰਦੇ ਹਨ ਕਿ ਉਸਦਾ ਕਤਲ ਉਸ ਦੇ ਵਿਚਾਰਾਂ ਕਾਰਨ ਕੀਤੀ ਗਈ ਹੈ। ਮੋਹਸਿਨ ਹੈਂਡਰਿਕਸ ਨੂੰ ਸ਼ਨੀਵਾਰ ਨੂੰ ਦੱਖਣੀ ਕਸਬੇ ਗਕੇਬਾਰਹਾ ’ਚ ਇਕ ਪਿਕਅੱਪ ਟਰੱਕ ’ਚ ਸਵਾਰ 2 ਵਿਅਕਤੀਆਂ ਵੱਲੋਂ ਕੀਤੇ ਗਏ ਹਮਲੇ ’ਚ ਮਾਰ ਦਿੱਤਾ ਗਿਆ।
ਪੁਲਸ ਨੇ ਦੱਸਿਆ ਕਿ ਕਤਲ ’ਚ ਸ਼ਾਮਲ ਲੋਕਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ। ਸੁਰੱਖਿਆ ਕੈਮਰਿਆਂ ਵੱਲੋਂ ਰਿਕਾਰਡ ਕੀਤੀ ਗਈ ਵੀਡੀਓ ’ਚ ਦਿਖਾਇਆ ਗਿਆ ਹੈ ਕਿ ਹਮਲਾਵਰਾਂ ’ਚੋਂ ਇਕ ਆਪਣੀ ਗੱਡੀ ’ਚੋਂ ਛਾਲ ਮਾਰ ਕੇ ਹੈਂਡਰਿਕਸ ਦੀ ਕਾਰ ਵੱਲ ਭੱਜਦਾ ਹੈ ਅਤੇ ਪਿਸਤੌਲ ਨਾਲ ਕਈ ਵਾਰ ਫਾਇਰ ਕਰਦਾ ਹੈ। ਪੁਲਸ ਨੇ ਕਤਲ ਦੇ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਹੈ ਪਰ ਰਾਜਨੀਤਕ ਪਾਰਟੀਆਂ ਅਤੇ ਐੱਲ. ਜੀ. ਬੀ. ਟੀ. ਕਿਊ. ਸੰਗਠਨਾਂ ਦਾ ਕਹਿਣਾ ਹੈ ਕਿ ਹੈਂਡਰਿਕਸ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਸ ਨੇ ਕੇਪ ਟਾਊਨ ’ਚ ਸਮਲਿੰਗੀ ਲੋਕਾਂ ਲਈ ਇਕ ਮਸਜਿਦ ਖੋਲ੍ਹੀ ਸੀ ਅਤੇ ਐੱਲ. ਜੀ. ਬੀ. ਟੀ. ਕਿਊ. ਭਾਈਚਾਰੇ ਦੇ ਮੈਂਬਰਾਂ ਦਾ ਇਸਲਾਮ ’ਚ ਸਵਾਗਤ ਕਰਨ ਦਾ ਸੱਦਾ ਦਿੱਤਾ ਸੀ। ਇਸਲਾਮ ’ਚ ਸਮਲਿੰਗੀ ਸੰਬੰਧਾਂ ’ਤੇ ਪਾਬੰਦੀ ਹੈ। ਦੱਖਣੀ ਅਫ਼ਰੀਕਾ ਦੇ ਨਿਆਂ ਮੰਤਰਾਲਾ ਨੇ ਕਿਹਾ ਕਿ ਉਹ ਉਨ੍ਹਾਂ ਦਾਅਵਿਆਂ ਦੀ ਜਾਂਚ ਕਰ ਰਿਹਾ ਹੈ ਕਿ ਹੈਂਡਰਿਕਸ ਦਾ ਕਤਲ ਕਿਊਂ ਕੀਤਾ ਗਿਆ ਹੈ।