ਜਗਜੀਵਨ ਸਿੰਘ ਝੱਮਟ ਪੰਜਾਬ ਤੋਂ ਸਕਾਟਲੈਂਡ ਆ ਕੇ ਬਣੇ ਪਹਿਲੇ ਸਿੱਖ ਵਕੀਲ ਤੇ ਨੋਟਰੀ ਪਬਲਿਕ
Friday, Aug 15, 2025 - 09:37 AM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਕਹਿੰਦੇ ਹਨ ਕਿ ਮਿਹਨਤ ਤੇ ਲਗਨ ਜਦੋਂ ਮਨੁੱਖ ਦਾ ਗਹਿਣਾ ਬਣ ਜਾਣ ਤਾਂ ਕਿਸੇ ਵੀ ਖੇਤਰ ਵਿੱਚ ਸਫ਼ਲਤਾ ਹਾਸਲ ਕਰਨੀ ਮੁਸ਼ਕਿਲ ਨਹੀਂ ਰਹਿੰਦੀ। ਇਹੋ ਜਿਹੀ ਹੀ ਸਫ਼ਲਤਾ ਹਾਸਲ ਕੀਤੀ ਹੈ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਸਨਪੁਰ ਦੇ ਜੰਮਪਲ ਜਗਜੀਵਨ ਸਿੰਘ ਝੱਮਟ ਨੇ। ਅਨੇਕਾਂ ਸ਼ਾਹਕਾਰ ਗੀਤਾਂ ਦੇ ਰਚੇਤਾ ਇੰਦਰਜੀਤ ਸਿੰਘ ਹਸਨਪੁਰੀ ਦੇ ਗਰਾਈਂ ਜਗਜੀਵਨ ਸਿੰਘ ਝੱਮਟ ਦਾ ਜੀਵਨ ਸੰਘਰਸ਼ ਸਿਖਾਂਦਰੂਆਂ ਲਈ ਪ੍ਰੇਰਨਾਦਾਇਕ ਹੋ ਨਿੱਬੜੇਗਾ। ਜਗਜੀਵਨ ਸਿੰਘ ਝੱਮਟ ਨੇ ਸੰਨ 2000 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਲ.ਐੱਲ.ਬੀ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਵਿੱਚ ਐਡਵੋਕੇਟ ਵਜੋਂ ਦਾਖ਼ਲਾ ਲੈ ਕੇ ਜ਼ਿਲ੍ਹਾ ਅਦਾਲਤਾਂ ਲੁਧਿਆਣਾ ਵਿੱਚ ਕਾਨੂੰਨੀ ਅਭਿਆਸ ਦੀ ਸ਼ੁਰੂਆਤ ਕੀਤੀ।
ਕਾਨੂੰਨ ਸੰਬੰਧੀ ਜਾਗਰੂਕਤਾ ਨੇ ਉਹਨਾਂ ਨੂੰ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ, ਵਿਸ਼ੇਸ਼ ਤੌਰ 'ਤੇ ਉਹਨਾਂ ਲੋਕਾਂ ਲਈ ਜੋ ਕਾਨੂੰਨੀ ਖਰਚੇ ਬਰਦਾਸ਼ਤ ਕਰਨ ਦੇ ਸਮਰੱਥ ਨਹੀਂ ਸਨ। ਸੰਨ 2002 ਵਿੱਚ ਉਹਨਾਂ ਨੇ ਵਾਲੰਟੀਅਰਜ਼ ਫ਼ਾਰ ਸੋਸ਼ਲ ਜਸਟਿਸ ਫਿਲੌਰ ਨਾਲ ਜੁੜ ਕੇ ਬੇਹਿਸਾਬ ਮੁਕੱਦਮੇ ਚਲਾਏ ਤਾਂ ਜੋ ਪੱਛੜੇ ਵਰਗਾਂ ਦੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕੀਤੀ ਜਾ ਸਕੇ। ਇਹ ਕਾਰਜ ਐਂਟੀ-ਸਲੇਵਰੀ ਇੰਟਰਨੈਸ਼ਨਲ ਲੰਡਨ ਅਤੇ ਐਕਸ਼ਨ ਏਡ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਦੇ ਅਧੀਨ ਕੀਤੇ ਗਏ। ਸੰਨ 2019 ਵਿੱਚ ਉਹਨਾਂ ਨੇ ਆਪਣੇ ਪਰਿਵਾਰ ਸਮੇਤ ਬਰਤਾਨੀਆ ਵਿੱਚ ਜਾ ਕੇ ਕਾਨੂੰਨ ਵਿੱਚ ਮਾਸਟਰਜ਼ ਦੀ ਪੜ੍ਹਾਈ ਕਰਨ ਦਾ ਫੈਸਲਾ ਕੀਤਾ ਅਤੇ ਇੱਥੇ ਹੀ ਪੱਕੇ ਤੌਰ 'ਤੇ ਵਸਣ ਦੀ ਯੋਜਨਾ ਬਣਾਈ। ਉਹਨਾਂ ਕਿਹਾ ਕਿ ਇੱਕ ਭਾਰਤੀ ਵਕੀਲ ਹੋਣ ਦੇ ਨਾਤੇ ਯੂ.ਕੇ. ਵਿੱਚ ਕਾਨੂੰਨੀ ਅਭਿਆਸ ਕਰਨਾ ਕਾਫ਼ੀ ਮੁਸ਼ਕਿਲ ਸੀ ਅਤੇ ਨਾਲ ਹੀ ਪਰਿਵਾਰ ਦੀ ਚਿੰਤਾ ਵੀ ਨਾਲੋ-ਨਾਲ ਰਹੀ।
ਪੜ੍ਹੋ ਇਹ ਅਹਿਮ ਖ਼ਬਰ-H-1B ਵੀਜ਼ਾ ਲਾਟਰੀ ਸਿਸਟਮ ਹੋਵੇਗਾ ਖਤਮ! ਜਾਣੋ ਭਾਰਤੀਆਂ 'ਤੇ ਕੀ ਪਵੇਗਾ ਅਸਰ
ਇਸ ਦੌਰਾਨ ਜਗਜੀਵਨ ਸਿੰਘ ਨੇ ਓ ਆਈ ਐੱਸ ਸੀ (OISC) ਨਾਲ ਰਜਿਸਟਰ ਹੋ ਕੇ ਕੁਝ ਸਮੇਂ ਲਈ ਲੋਕਾਂ ਨੂੰ ਇਮੀਗ੍ਰੇਸ਼ਨ ਸਬੰਧੀ ਸਲਾਹ ਪ੍ਰਦਾਨ ਕੀਤੀ, ਪਰ ਵੀਜ਼ਾ ਸਮੱਸਿਆਵਾਂ ਕਾਰਨ ਆਪਣਾ ਪ੍ਰੈਕਟਿਸ ਲਾਇਸੈਂਸ ਤਿਆਗਣਾ ਪਿਆ। ਜਗਜੀਵਨ ਸਿੰਘ ਨੇ ਹਿੰਮਤ ਨਾ ਹਾਰੀ ਤੇ ਇਸ ਦੇ ਬਾਵਜੂਦ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਸੈਟਲਮੈਂਟ ਤੋਂ ਬਾਅਦ ਵਿਦੇਸ਼ੀ ਵਕੀਲਾਂ ਲਈ ਸਕਾਟਲੈਂਡ ਲਾਅ ਸੋਸਾਇਟੀ ਦੁਆਰਾ ਨਿਰਧਾਰਤ ਰਸਤੇ ਰਾਹੀਂ ਯੋਗਤਾ ਪ੍ਰਾਪਤ ਕਰਨ ਦਾ ਫੈਸਲਾ ਕੀਤਾ। ਇਹ ਰਾਹ ਪੰਜਾਬ, ਭਾਰਤ ਤੋਂ ਪਹਿਲਾਂ ਕਿਸੇ ਵੀ ਕਾਨੂੰਨੀ ਪੇਸ਼ੇਵਰ ਨੇ ਤੈਅ ਨਹੀਂ ਕੀਤਾ ਸੀ, ਜਿਸ ਨੇ ਜਗਜੀਵਨ ਸਿੰਘ ਨੂੰ ਹੋਰ ਪ੍ਰੇਰਿਤ ਕੀਤਾ। ਲੰਮੇ ਸੰਘਰਸ਼ ਤੋਂ ਬਾਅਦ ਆਖਿਰਕਾਰ ਪਿਛਲੇ ਹਫ਼ਤੇ ਉਹ ਸਕਾਟਲੈਂਡ ਵਿੱਚ ਸਕਾਟਿਸ਼ ਸੋਲਿਸਿਟਰ ਅਤੇ ਨੋਟਰੀ ਪਬਲਿਕ ਵਜੋਂ ਅਧਿਕਾਰਤ ਤੌਰ 'ਤੇ ਯੋਗਤਾ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ। ਜਗਜੀਵਨ ਸਿੰਘ ਝੱਮਟ ਦੀ ਇਸ ਵਿਲੱਖਣ ਪ੍ਰਾਪਤੀ ਲਈ ਜਿੱਥੇ ਉਹ ਆਪਣੀ ਪਰਿਵਾਰ ਦਾ ਧੰਨਵਾਦ ਕਰਦੇ ਹਨ, ਉੱਥੇ ਸੰਘਰਸ਼ ਦੇ ਦਿਨਾਂ ਵਿੱਚ ਭਾਈਚਾਰੇ ਦੇ ਲੋਕਾਂ ਵੱਲੋਂ ਦਿੱਤੇ ਸਾਥ ਦਾ ਵੀ ਧੰਨਵਾਦ ਕਰਦੇ ਹਨ। ਪੰਜਾਬ ਤੋਂ ਸਕਾਟਲੈਂਡ ਆ ਕੇ ਆਪਣੀ ਮਿਹਨਤ ਦੇ ਬਲਬੂਤੇ 'ਤੇ ਅਜਿਹਾ ਮੁਕਾਮ ਹਾਸਲ ਕਰਨਾ ਹੋਰਨਾਂ ਲਈ ਵੀ ਪ੍ਰੇਰਨਾਦਾਇਕ ਸਾਬਤ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।