ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਨੂੰ ਜੇਲ੍ਹ ਦੀ ਸਜ਼ਾ
Tuesday, Jun 29, 2021 - 05:37 PM (IST)
ਜੋਹਾਨਸਬਰਗ (ਭਾਸ਼ਾ): ਦੱਖਣੀ ਅਫਰੀਕਾ ਦੀ ਸੁਪਰੀਮ ਕੋਰਟ ਨੇ ਦੇਸ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਨੂੰ ਅਦਾਲਤ ਦੀ ਮਾਣਹਾਨੀ ਲਈ ਮੰਗਲਵਾਰ ਨੂੰ 15 ਮਹੀਨੇ ਕੈਦ ਦੀ ਸਜ਼ਾ ਸੁਣਾਈ। ਪਿਛਲੇ ਸਾਲ ਨਵੰਬਰ ਵਿਚ ਸਟੇਟ ਕੈਪਚਰ ਵਿਚ ਜਾਂਚ ਕਮਿਸ਼ਨ ਸਾਹਮਣੇ ਸੁਣਵਾਈ ਦਾ ਬਾਈਕਾਟ ਕਰਨ ਅਤੇ ਫਿਰ ਇਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਲਈ ਜ਼ੁਮਾ ਨੂੰ ਸਜ਼ਾ ਸੁਣਾਈ ਗਈ। ਅਦਾਲਤ ਨੇ ਇਹ ਵੀ ਕਿਹਾ ਕਿ ਸਜ਼ਾ ਮੁਅੱਤਲ ਨਹੀਂ ਕੀਤੀ ਜਾ ਸਕਦੀ।
ਵਿਭਿੰਨ ਸੰਸਥਾਵਾਂ ਵਿਚ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਕਮਿਸ਼ਨ ਨੇ ਕਿਹਾ ਸੀ ਕਿ ਜ਼ੁਮਾ ਨੂੰ 2 ਸਾਲ ਕੈਦ ਦੀ ਸਜ਼ਾ ਦਿੱਤੀ ਜਾਵੇ।ਜ਼ੁਮਾ ਨੇ ਵਾਰ-ਵਾਰ ਕਿਹਾ ਹੈ ਕਿ ਕਮਿਸ਼ਨ ਨਾਲ ਸਹਿਯੋਗ ਕਰਨ ਦੀ ਬਜਾਏ ਉਹ ਜੇਲ੍ਹ ਜਾਣਗੇ। ਸੰਵਿਧਾਨਕ ਅਦਾਲਤ ਦੀ ਨਿਆਂਮੂਰਤੀ ਸਿਸੀ ਖਾਮਪੇਪੇ ਵੱਲੋਂ ਮੰਗਲਵਾਰ ਸਵੇਰੇ ਸੁਣਾਏ ਗਏ ਫ਼ੈਸਲੇ ਵਿਚ ਉਹਨਾਂ ਨੇ ਜ਼ੁਮਾ ਦੇ ਬਿਆਨਾਂ ਨੂੰ 'ਅਜੀਬ' ਅਤੇ 'ਨਾ ਬਰਦਾਸ਼ਤ ਕਰਨ ਯੋਗ' ਦੱਸਿਆ।
ਪੜ੍ਹੋ ਇਹ ਅਹਿਮ ਖਬਰ- ਮਾਸਕ ਨਾ ਪਾਉਣ 'ਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਨੂੰ ਜੁਰਮਾਨਾ
ਜੱਜ ਨੇ ਕਿਹਾ,''ਸੰਵਿਧਾਨਕ ਅਦਾਲਤ ਦਾ ਮੰਨਣਾ ਹੈ ਕਿ ਜਿਹੜੇ ਵਿਅਕਤੀ (ਜ਼ੁਮਾ) ਨੇ ਦੋ ਵਾਰੀ ਗਣਤੰਤਰ (ਦੱਖਣੀ ਅਫਰੀਕਾ), ਇਸ ਦੇ ਕਾਨੂੰਨ ਅਤੇ ਸੰਵਿਧਾਨ ਦੀ ਸਹੁੰ ਲਈ, ਉਸ ਨੇ ਕਾਨੂੰਨ ਦੀ ਉਪੇਖਿਆ ਕੀਤੀ, ਇਸ ਨੂੰ ਘੱਟ ਗਿਣਿਆ ਅਤੇ ਕਈ ਤਰ੍ਹਾਂ ਨਾਲ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ।'' ਖਾਮਪੇਪੇ ਨੇ ਕਿਹਾ,''ਬੈਂਚ ਦੇ ਜ਼ਿਆਦਾਤਰ ਜੱਜ ਇਹ ਮੰਨਦੇ ਹਨ ਕਿ ਸਖ਼ਤ ਸੰਦੇਸ਼ ਦਿੱਤਾ ਜਾਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਨਾਲ ਨਾਫੁਰਮਾਨੀ ਅਤੇ ਉਲੰਘਣਾ ਗੈਰ ਕਾਨੂੰਨੀ ਹੈ ਅਤੇ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇਗੀ।