ਦੱਖਣੀ ਅਫਰੀਕਾ- ਬੱਤੀ ਗੁੱਲ ਹੋਣ ਕਾਰਨ ਖਦਾਨ ਵਿਚ ਫਸੇ 950 ਮਜ਼ਦੂਰ
Friday, Feb 02, 2018 - 09:11 PM (IST)

ਜੋਹਾਨਸਬਰਗ (ਏਜੰਸੀ)- ਜੋਹਾਨਸਬਰਗ ਵਿਚ ਸੋਨੇ ਦੀ ਇਕ ਖਦਾਨ ਵਿਚ ਅਚਾਨਕ ਬਿਜਲੀ ਚਲੇ ਜਾਣ ਕਾਰਨ ਵੀਰਵਾਰ ਨੂੰ 950 ਮਜ਼ਦੂਰ ਫਸ ਗਏ, ਹਾਲਾਂਕਿ ਖਦਾਨ ਦੇ ਮਾਲਕ ਨੇ ਇਨ੍ਹਾਂ ਸਭ ਦੇ ਸੁਰੱਖਿਅਤ ਹੋਣ ਦਾ ਦਾਅਵਾ ਕੀਤਾ ਹੈ। ਸਿਬਾਨੇਅ-ਸਟਿਲਵਾਟਰ ਖਨਨ ਕੰਪਨੀ ਨੇ ਦੱਸਿਆ ਕਿ ਬੀਟ੍ਰਿਕਸ ਸੋਨੇ ਦੀ ਖਦਾਨ ਵਿਚ ਰਾਤ ਨੂੰ ਪਾਲੀ ਵਿਚ ਕੰਮ ਹੋ ਰਿਹਾ ਸੀ। ਉਸੇ ਵੇਲੇ ਅਚਾਨਕ ਬਿਜਲੀ ਚਲੀ ਗਈ। ਇਸ ਕਾਰਨ ਮਜ਼ਦੂਰਾਂ ਨੂੰ ਉਪਰ ਲੈਕੇ ਆ ਰਹੀਆਂ ਲਿਫਟਾਂ ਰੁਕ ਗਈਆਂ। ਇਹ ਖਦਾਨ ਜੋਹਾਨਸਬਰਗ ਵਿਚ ਵੈਲਕਮ ਇਲਾਕੇ ਦੇ ਮੱਧ ਵਿਚ ਸਥਿਤ ਹੈ।
ਈ.ਐਨ.ਸੀ.ਏ. ਟੀਵੀ ਨੇ ਸਿਬਾਨੇਅ-ਸਟਿਲਵਾਟਰ ਦੇ ਬੁਲਾਰੇ ਜੇਮਸ ਵੇਲਸਟੇਡ ਦੇ ਹਵਾਲੇ ਤੋਂ ਦੱਸਿਆ ਹੈ, ਸਾਰੇ ਲੋਕਾਂ ਨੂੰ ਕੱਢਣ ਲਈ ਅਸੀਂ ਰਾਹਤ ਅਤੇ ਬਚਾਅ ਟੀਮ ਨੂੰ ਘਟਨਾ ਵਾਲੀ ਥਾਂ ਉੱਤੇ ਭੇਜਿਆ ਹੈ। ਜਿੰਨੀ ਛੇਤੀ ਹੋ ਸਕੇਗਾ ਅਸੀਂ ਉਨ੍ਹਾਂ ਨੂੰ ਬਾਹਰ ਕੱਢ ਲਵਾਂਗੇ। ਸਾਰੇ ਮੁਲਾਜ਼ਮ ਅਜੇ ਠੀਕ ਲਗ ਰਹੇ ਹਨ। ਅਸੀਂ ਉਨ੍ਹਾਂ ਨੂੰ ਖਾਣਾ ਅਤੇ ਪਾਣੀ ਦੀ ਸਪਲਾਈ ਕਰ ਰਹੇ ਹਾਂ।