ਦੱਖਣੀ ਅਫਰੀਕਾ ''ਚ 3 ਭਾਰਤੀ ਆਜ਼ਾਦੀ ਘੁਲਾਟੀਆਂ ਦੀ ਯਾਦ ''ਚ ਬਣਾਇਆ ਗਿਆ ਸਮਾਰਕ

12/10/2020 1:20:11 PM

ਜੋਹਾਨਸਬਰਗ (ਭਾਸ਼ਾ): ਦੱਖਣੀ ਅਫਰੀਕਾ ਵਿਚ ਭਾਰਤੀ ਮੂਲ ਦੇ ਆਜ਼ਾਦੀ ਘੁਲਾਟੀਏ ਸ਼ਿਰੀਸ਼ ਨਾਨਾਭਾਈ, ਰੇਗੀ ਵੰਦੇਅਰ ਅਤੇ ਇੰਦਰੇਸ਼ ਨਾਇਡੂ ਦੀ ਯਾਦ ਵਿਚ ਸਮਾਰਕ ਬਣਾਇਆ ਗਿਆ ਹੈ। ਨਸਲੀ ਵਿਤਕਰੇ ਦੇ ਵਿਰੁੱਧ ਆਵਾਜ਼ ਚੁੱਕਣ ਵਾਲੇ ਵੰਦੇਅਰ ਦੀ 84 ਸਾਲ ਦੀ ਉਮਰ ਵਿਚ 2015 ਵਿਚ ਮੌਤ ਹੋ ਗਈ ਸੀ ਜਦਕਿ ਨਾਨਾਭਾਈ ਅਤੇ ਨਾਇਡੂ ਦੀ ਕ੍ਰਮਵਾਰ 78 ਅਤੇ 80 ਸਾਲ ਦੀ ਉਮਰ ਵਿਚ 2016 ਵਿਚ ਮੌਤ ਹੋਈ।

ਗੈਰ ਸਰਕਾਰੀ ਸੰਗਠਨ ਅਹਿਮਦ ਕਠਰਾਡਾ ਫਾਊਂਡੇਸ਼ਨ (AKF) ਨੇ ਵੇਸਟਪਾਰਕ ਵਿਚ ਦੱਖਣੀ ਅਫਰੀਕਾ ਦੇ ਕ੍ਰਾਂਤੀਕਾਰੀ ਨੇਤਾ ਲਾਲੂ 'ਇਸੂ' ਚੀਬਾ ਦੇ ਸਮਾਧੀ ਸਥਲ 'ਤੇ ਤਿੰਨ ਨੇਤਾਵਾਂ ਦੀ ਯਾਦ ਵਿਚ ਸਮਾਰਕ ਬਣਾਇਆ। ਨਸਲੀ ਵਿਤਕਰੇ ਦੇ ਖਿਲਾਫ਼ ਅੰਦੋਲਨ ਵਿਚ ਹਿੱਸਾ ਲੈਣ ਦੇ ਕਾਰਨ ਚਾਰੇ ਨੇਤਾਵਾਂ ਨੂੰ 1961 ਵਿਚ ਗ੍ਰਿਫ਼ਤਾਰੀ ਦੇ ਬਾਅਦ ਰੋਬੇਨ ਜੇਲ੍ਹ ਵਿਚ ਇਕ ਦਹਾਕੇ ਤੱਕ ਰਹਿਣਾ ਪਿਆ ਸੀ। ਏ.ਕੇ.ਐੱਫ ਬੋਰਡ ਦੇ ਮੈਂਬਰ ਇਸਮਾਈਲ ਵਾਦੀ ਨੇ ਦੱਸਿਆ ਕਿ ਜਿਹੜੇ ਲੋਕਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਹ ਬਹੁਤ ਅਸਧਾਰਨ ਲੋਕ ਸਨ ਅਤੇ ਉਹ ਆਪਣੀ ਆਤਮਾ ਦੀ ਆਵਾਜ਼ 'ਤੇ ਮੁਹਿੰਮ ਵਿਚ ਸ਼ਾਮਲ ਹੋਏ ਅਤੇ ਸਾਰਿਆਂ ਲਈ ਪ੍ਰੇਰਣਾ ਦੇ ਸਰੋਤ ਬਣੇ।

ਪੜ੍ਹੋ ਇਹ ਅਹਿਮ ਖਬਰ- ਤਣਾਅ ਦਰਮਿਆਨ ਚੀਨ ਨੇ ਆਸਟ੍ਰੇਲੀਆਈ ਵਾਈਨ 'ਤੇ ਵਧਾਇਆ ਟੈਕਸ

ਵਾਦੀ ਨੇ ਕਿਹਾ,''ਰੇਗੀ ਵੇਟਰ ਸਨ, ਸ਼ਿਰੀਸ਼ ਇਕ ਸਟੋਰ ਵਿਚ ਕੰਮ ਕਰਦੇ ਸਨ ਅਤੇ ਇੰਦਰੇਸ਼ ਸਧਾਰਨ ਕੰਮਕਾਜੀ ਵਿਅਕਤੀ ਸਨ ਪਰ ਉਹਨਾਂ ਨੇ ਨਸਲੀ ਵਿਤਕਰੇ ਦੇ ਖਿਲਾਫ਼ ਮੁਹਿੰਮ ਨੂੰ ਅੱਗੇ ਵਧਾਇਆ ਅਤੇ ਆਪਣੇ ਸਮੇਂ ਦੇ ਮਹੱਤਵਪੂਰਨ ਕਾਰਕੁੰਨ ਬਣੇ।'' ਤਿੰਨੇ ਆਜ਼ਾਦੀ ਘੁਲਾਟਿਆਂ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਲੋਕਤੰਤਰ ਦੇ ਲਈ ਉਹਨਾਂ ਦੇ ਯੋਗਦਾਨ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਆਜ਼ਾਦੀ ਘੁਲਾਟਿਆਂ ਨੂੰ ਯਾਦ ਕਰਦਿਆਂ ਦੱਖਣੀ ਅਫਰੀਕਾ ਨੈਸ਼ਨਲ ਡਿਫੈਂਸ ਫੋਰਸ ਦੇ ਸਾਬਕਾ ਜਨਰਲ ਸ਼ਿਫਿਵੀ ਨਯੰਡਾ ਨੇ ਕਿਹਾ,''ਉਹਨਾਂ ਦੀ ਗੈਰ ਮੌਜੂਦਗੀ ਦੇ ਬਾਵਜੂਦ ਅੱਜ ਵੀ ਅਸੀਂ ਉਹਨਾਂ ਤੋਂ ਪ੍ਰੇਰਣਾ ਲੈ ਸਕਦੇ ਹਾਂ। ਉਹ ਸਾਡੇ ਲਈ ਮਾਰਗ ਦਰਸ਼ਕ ਦੀ ਤਰ੍ਹਾਂ ਹਨ।''

ਨੋਟ- ਦੱਖਣੀ ਅਫਰੀਕਾ 'ਚ 3 ਭਾਰਤੀ ਆਜ਼ਾਦੀ ਘੁਲਾਟੀਆਂ ਦੀ ਯਾਦ 'ਚ ਬਣਾਇਆ ਗਿਆ ਸਮਾਰਕ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News