ਸੋਮਾਲੀਆ ਬੰਬ ਧਮਾਕਿਆਂ ''ਚ ਮਰਨ ਵਾਲਿਆਂ ਦੀ ਗਿਣਤੀ 53 ਹੋਈ

11/11/2018 11:14:13 AM

ਮੋਗਾਦਿਸ਼ੂ(ਏਜੰਸੀ)— ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਇਕ ਹੋਟਲ 'ਚ ਸ਼ੁੱਕਰਵਾਰ ਨੂੰ ਹੋਏ ਬੰਬ ਧਮਾਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 53 ਹੋ ਗਈ ਹੈ ਜਦ ਕਿ 100 ਤੋਂ ਵਧੇਰੇ ਲੋਕ ਜ਼ਖਮੀ ਹਨ। ਸੋਮਾਲੀਆ ਦੇ ਹਸਪਤਾਲ ਅਤੇ ਪੁਲਸ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ 'ਚੋਂ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦਾ ਸ਼ੱਕ ਹੈ।


ਉਨ੍ਹਾਂ ਦੱਸਿਆ ਕਿ ਹਸਪਤਾਲ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ 'ਤੇ ਉਨ੍ਹਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਮਦੀਨਾ ਹਸਪਤਾਲ 'ਚ ਨਰਸ ਅਹਿਮਦ ਯੂਸੁਫ ਦਾ ਕਹਿਣਾ ਹੈ ਕਿ ਉਹ ਮੋਗਾਦਿਸ਼ੂ ਦੇ ਹਸਪਤਾਲ 'ਚ ਜ਼ਖਮੀਆਂ ਦਾ ਇਲਾਜ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਸ਼ੁੱਕਰਵਾਰ ਨੂੰ ਹੋਏ ਧਮਾਕੇ ਮਗਰੋਂ ਕਈ ਜ਼ਖਮੀਆਂ ਨੂੰ ਸ਼ਨੀਵਾਰ ਤਕ ਹਸਪਤਾਲ ਲੈ ਜਾਇਆ ਗਿਆ। ਮੋਗਾਦਿਸ਼ੂ 'ਚ ਸ਼ੁੱਕਰਵਾਰ ਦੀ ਦੁਪਹਿਰ ਇਸਲਾਮੀ ਅੱਤਵਾਦੀਆਂ ਨੇ ਇਕ ਹੋਟਲ ਦੇ ਬਾਹਰ 4 ਕਾਰ ਬੰਬ ਧਮਾਕੇ ਕੀਤੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਕਾਰ ਬੰਬ ਧਮਾਕੇ ਹੋਟਲ ਦੇ ਸਾਹਮਣੇ ਹੋਏ ਜਦ ਕਿ ਚੌਥਾ ਧਮਾਕਾ ਉਸ ਸਮੇਂ ਹੋਇਆ ਜਦ ਡਾਕਟਰ ਜ਼ਖਮੀਆਂ ਦਾ ਇਲਾਜ ਕਰ ਰਹੇ ਸਨ। ਸੋਮਾਲੀਆ 'ਚ ਇਸਲਾਮਕ ਅੱਤਵਾਦੀ ਵਿਦਰੋਹੀ ਅਲ-ਸ਼ਬਾਬ ਨੇ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ। 


Related News